ਮੁੰਬਈ: ਸ਼ਿਵ ਸੈਨਾ ਨੇ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਉਹ ਇਹੋ ਚਾਹੁੰਦੀ ਸੀ ਕਿ ਕਿਸਾਨ ਰੋਹ ਵਿੱਚ ਭੜਕ ਕੇ ਹਿੰਸਕ ਹੋ ਜਾਣ, ਜਿਸ ਵਿੱਚ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਉਨ੍ਹਾਂ ਦਾ ਪ੍ਰਦਰਸ਼ਨ ਬਦਨਾਮ ਹੋਵੇ। ਉਧਰ, ਮਹਾਰਾਸ਼ਟਰ ਦੀ ਭਾਜਪਾ ਇਕਾਈ ਨੇ ਸ਼ਿਵ ਸੈਨਾ ਦੇ ਦੋਸ਼ ਰੱਦ ਕਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ।

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੀ ਸੰਪਾਦਕੀ ’ਚ ਆਖਿਆ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 60 ਦਿਨਾਂ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਦਿੱਲੀ ਦੀਆਂ ਸੀਮਾਵਾਂ ਉੱਤੇ ਡੇਰੇ ਲਾ ਕੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਕਾਰੀ ਕਿਸਾਨਾਂ ਵਿੱਚ ਕੋਈ ਮਤਭੇਦ ਨਹੀਂ ਸੀ ਤੇ ਨਾ ਹੀ ਉਨ੍ਹਾਂ ਆਪਣਾ ਧੀਰਜ ਗੁਆਇਆ ਹੈ।

ਸਿੰਘੂ ਬਾਰਡਰ 'ਤੇ ਮੁੜ ਭਖਿਆ ਕਿਸਾਨ ਅੰਦੋਲਨ, ਪਹਿਲਾਂ ਨਾਲੋਂ ਵੀ ਵੱਧ ਤਿਆਰ ਹੋ ਰਹੇ ਲੰਗਰ

ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੁਝ ਵੀ ਕਰ ਨਹੀਂ ਪਾ ਰਹੀ ਸੀ। ਉਹ ਚਾਹੁੰਦੀ ਸੀ ਕਿ ਕਿਸਾਨ ਰੋਹ ਵਿੱਚ ਆ ਕੇ ਹਿੰਸਕ ਹੋ ਜਾਣ; ਤਾਂ ਜੋ ਉਨ੍ਹਾਂ ਦਾ ਪ੍ਰਦਰਸ਼ਨ ਬਦਨਾਮ ਹੋਵੇ।  26 ਜਨਵਰੀ ਨੂੰ ਜਾ ਕੇ ਉਸ ਦੀ ਇਹ ਇੱਛਾ ਪੂਰੀ ਹੋਈ ਪਰ ਇਸ ਨਾਲ ਦੇਸ਼ ਦੀ ਵੀ ਬਦਨਾਮੀ ਹੋਈ। ਸ਼ਿਵ ਸੈਨਾ ਮੁਤਾਬਕ ਹਿੰਸਾ ਲਈ ਸਿਰਫ਼ ਕਿਸਾਨਾਂ ਨੂੰ ਜ਼ਿੰਮੇਵਾਰ ਕਰਾਰ ਦੇਣਾ ਠੀਕ ਨਹੀਂ। ਸਰਕਾਰ ਜੋ ਚਾਹੁੰਦੀ ਸੀ, ਉਹ ਹੋਇਆ ਪਰ ਇਸ ਦਾ ਖ਼ਮਿਆਜ਼ਾ ਕਿਸਾਨਾਂ ਤੇ ਪੁਲਿਸ ਨੂੰ ਭੁਗਤਣਾ ਪਿਆ।

ਸ਼ਿਵ ਸੈਨਾ ਨੇ ਸੁਆਲ ਕੀਤਾ ਹੈ ਕਿ ਜੋ ਕੁਝ ਵੀ ਹੋਇਆ ਹੈ, ਉਸ ਲਈ ਸਰਕਾਰ ਦੀ ਜਵਾਬਦੇਹੀ ਕੌਣ ਤੈਅ ਕਰੇਗਾ? ਉਸ ਨੇ ਦੋਸ਼ ਲਾਇਆ ਭਾਜਪਾ ਦਾ ਆਗੂ ਦੀਪ ਸਿੱਧੂ ਹੀ ਗੜਬੜ ਕਰਨ ਵਿੱਚ ਮੋਹਰੀ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ