ਕਾਬੁਲ: ਅਮਰੀਕਾ ਤੇ ਗੱਠਜੋੜ ਫੌਜਾਂ ਨੇ ਕਾਬੁਲ ਹਵਾਈ ਅੱਡੇ ਦੇ ਤਿੰਨ ਗੇਟਾਂ ਦਾ ਕੰਟਰੋਲ ਤਾਲਿਬਾਨ ਨੂੰ ਸੌਂਪ ਦਿੱਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੱਤੀ। ਜ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਅਫਸਰ ਇਨਹਾਮੁੱਲਾਹ ਸਾਮਾਨਗਨੀ ਨੇ ਟੋਲੋ ਨਿਊਜ਼ ਨੂੰ ਦੱਸਿਆ, “ਅਮਰੀਕੀ ਫੌਜੀਆਂ ਦਾ ਹੁਣ ਹਵਾਈ ਅੱਡੇ ਦੇ ਕੇਵਲ ਇੱਕ ਛੋਟੇ ਹਿੱਸੇ ਉੱਤੇ ਹੀ ਕੰਟਰੋਲ ਰਹਿ ਗਿਆ ਹੈ, ਜਿਸ ਵਿੱਚ ਏਅਰਪੋਰਟ ਦਾ ਰਾਡਾਰ ਸਿਸਟਮ ਸਥਿਤ ਹੈ।

 

ਤਾਲਿਬਾਨ ਨੇ ਲਗਪਗ ਦੋ ਹਫ਼ਤੇ ਪਹਿਲਾਂ ਹਵਾਈ ਅੱਡੇ ਦੇ ਮੁੱਖ ਗੇਟ 'ਤੇ ਵਿਸ਼ੇਸ਼ ਬਲਾਂ ਦੀ ਇਕਾਈ ਤਾਇਨਾਤ ਕੀਤੀ ਸੀ। ਉਨ੍ਹਾਂ ਕਿਹਾ, ਅਸੀਂ ਹਵਾਈ ਅੱਡੇ ਦੀ ਸੁਰੱਖਿਆ ਤੇ ਤਕਨੀਕੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਾਂ। ਅਮਰੀਕਾ ਨੇ ਹਵਾਈ ਅੱਡੇ ਦੇ ਗੇਟ ਦਾ ਕੰਟਰੋਲ ਤਾਲਿਬਾਨ ਨੂੰ ਸੌਂਪ ਦਿੱਤਾ ਹੈ ਜਦੋਂ ਆਈਐਸ-ਕੇ ਦੇ ਅੱਤਵਾਦੀਆਂ ਨੇ 26 ਅਗਸਤ ਨੂੰ ਪੂਰਬੀ ਗੇਟ 'ਤੇ ਆਤਮਘਾਤੀ ਹਮਲਾ ਕੀਤਾ ਸੀ, ਜਿਸ ਵਿੱਚ 170 ਅਫਗਾਨ ਤੇ 13 ਅਮਰੀਕੀ ਫੌਜੀ ਮਾਰੇ ਗਏ ਸਨ।

 

ਇਸ ਤੋਂ ਪਹਿਲਾਂ ਇੱਕ ਤਾਲਿਬਾਨ ਅਧਿਕਾਰੀ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਸਮੂਹ ਦੇ ਵਿਸ਼ੇਸ਼ ਬਲ ਅਤੇ ਤਕਨੀਕੀ ਪੇਸ਼ੇਵਰਾਂ ਤੇ ਯੋਗ ਇੰਜਨੀਅਰਾਂ ਦੀ ਇੱਕ ਟੀਮ ਅਮਰੀਕੀ ਫੌਜਾਂ ਦੇ ਜਾਣ ਤੋਂ ਬਾਅਦ ਹਵਾਈ ਅੱਡੇ ਦਾ ਸਾਰਾ ਚਾਰਜ ਸੰਭਾਲਣ ਲਈ ਤਿਆਰ ਹੈ। ਫੌਜੀ ਜਹਾਜ਼ਾਂ ਸਮੇਤ ਦਰਜਨਾਂ ਜਹਾਜ਼ਾਂ ਨੇ ਸਨਿੱਚਰਵਾਰ ਦੇਰ ਰਾਤ ਹਵਾਈ ਅੱਡੇ ਤੋਂ ਉਡਾਣ ਭਰੀ। ਰਾਸ਼ਟਰਪਤੀ ਜੋਅ ਬਿਡੇਨ ਵੱਲੋਂ ਨਿਰਧਾਰਤ ਸਮਾਂ ਸੀਮਾ ਅਨੁਸਾਰ, ਸਾਰੀਆਂ ਅਮਰੀਕੀ ਅਤੇ ਗੱਠਜੋੜ ਫੌਜਾਂ ਦੇ 31 ਅਗਸਤ ਨੂੰ ਦੇਸ਼ ਛੱਡਣ ਦੀ ਉਮੀਦ ਹੈ।

 

ਇਸ ਦੇ ਨਾਲ ਹੀ ਤਾਲਿਬਾਨ ਨੇ ਕਾਬੁਲ ਦੇ ਵਸਨੀਕਾਂ ਨੂੰ ਸਰਕਾਰੀ ਵਾਹਨ, ਹਥਿਆਰ ਅਤੇ ਗੋਲਾ-ਬਾਰੂਦ ਉਨ੍ਹਾਂ ਦੇ ਹਵਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਬੁਲ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 'ਵਾਹਨ, ਹਥਿਆਰ ਅਤੇ ਗੋਲਾ ਬਾਰੂਦ ਜਾਂ ਕੋਈ ਹੋਰ ਸਮਾਨ ਸਮੇਤ ਸਾਰੀ ਸਰਕਾਰੀ ਸੰਪਤੀ ਵਾਪਸ ਕਰੋ'।