ਚੰਡੀਗੜ੍ਹ: ਕੋਰੋਨਾ ਵੈਕਸੀਨੇਸ਼ਨ ਦਾ ਤੀਜਾ ਗੇੜ 1 ਮਾਰਚ ਤੋਂ ਪੰਜਾਬ ਭਰ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਜਾਣਕਾਰੀ ਦਿੱਤੀ। ਇਸ ਗੇੜ ਵਿੱਚ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 45 ਤੋਂ 59 ਸਾਲ ਦੇ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਹਨ, ਨੂੰ ਸਰਕਾਰ ਦੁਆਰਾ ਨਿਰਧਾਰਤ ਟੀਕਾ ਲਗਾਇਆ ਜਾਵੇਗਾ। 

 

ਉਨ੍ਹਾਂ ਨੂੰ ਹੋਰਨਾਂ ਬਿਮਾਰੀਆਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ। ਟੀਕਾਕਰਨ ਦੇ ਇਸ ਗੇੜ 'ਚ ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਅਤੇ ਟੀਕਾਕਰਨ ਦਾ ਚਾਹਵਾਨ ਉਸ ਲਈ ਪ੍ਰੀ-ਰਜਿਸਟਰ ਕਰ ਸਕਦਾ ਹੈ ਜਾਂ ਸਿਰਫ ਵਾਕ-ਇਨ ਕਰ ਸਕਦਾ ਹੈ। 

 

ਹਾਲਾਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਜ਼ੁਰਗ ਨਾਗਰਿਕ ਇੰਤਜ਼ਾਰ ਤੋਂ ਬਚਣ ਲਈ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ 'ਚ ਮੁਫਤ ਲਗਾਇਆ ਜਾਏਗਾ, ਜਦਕਿ ਪ੍ਰਾਈਵੇਟ ਹਸਪਤਾਲ ਪ੍ਰਤੀ ਖੁਰਾਕ 150 ਰੁਪਏ ਲੈਣ ਦੇ ਅਧਿਕਾਰਤ ਹਨ ਅਤੇ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ।