ਪਵਨਪ੍ਰੀਤ ਕੌਰ
ਚੰਡੀਗੜ੍ਹ: ਪਟਿਆਲਾ ਵਿੱਚ ਪੁਲਿਸ ਪਾਰਟੀ 'ਤੇ ਨਿਹੰਗਾਂ ਵੱਲੋਂ ਕੀਤੇ ਹਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ 10 ਦਿਨਾਂ ‘ਚ ਪੂਰੀ ਕਰ ਲਈ ਜਾਏਗੀ। ਪੰਜਾਬ ਪੁਲਿਸ ਮੁਕੱਦਮਾ ਫਾਸਟ ਟਰੈਕ ਅਦਾਲਤ ਵਿੱਚ ਕਰੇਗੀ।


ਪੁਲਿਸ ਇਸ ਨੂੰ ਵੱਕਾਰ ਦਾ ਸਵਾਲ ਮੰਨ ਰਹੀ ਹੈ। ਇਸ ਤੋਂ ਇਲਾਵਾ ਕਰਫਿਊ ਦੌਰਾਨ ਸਖਤ ਸਜ਼ਾ ਦੇ ਕੇ ਪੁਲਿਸ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਨ੍ਹਾਂ ਦੇ ਕੰਮ ਵਿੱਚ ਵਿਘਣ ਪਾਉਣ ਵਾਲਿਆਂ ੀਦ ਖੈਰ ਨਹੀਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਮਾਮਲੇ 'ਤੇ ਭੜਕਾਓ ਸੰਦੇਸ਼ ਜਾਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸ਼ ਦਿੱਤਾ ਹੈ।

ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ ਦਾ ਭੁਪਿੰਦਰ ਸਿੰਘ, ਗੁਰਦਾਸਪੁਰ ਦੇ ਬਟਾਲਾ ਦਾ ਦਵਿੰਦਰ ਸਿੰਘ ਤੇ ਮੁਕਤਸਰ ਸਾਹਿਬ ਦਾ ਕੁਲਦੀਪ ਸਿੰਘ ਭੁੱਲਰ ਸ਼ਾਮਲ ਹਨ। ਤਿੰਨਾਂ ਵਿਰੁੱਧ ਫਿਰਕੂ ਅਸ਼ਾਂਤੀ, ਮਹਾਂਮਾਰੀ ਰੋਗ ਐਕਟ ਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ ਤਹਿਤ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਨਿਹੰਗਾਂ ਦੀ ਹਮਾਇਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਟਿਆਲਾ ਦੀ ਸਬਜ਼ੀ ਮੰਡੀ ‘ਚ ਕੁਝ ਨਿਹੰਗਾਂ ਨੇ ਪੁਲਿਸ ਟੀਮ 'ਤੇ ਹਮਲਾ ਕੀਤਾ ਸੀ। ਨਿਹੰਗ ਬਲਵਿੰਦਰ ਸਿੰਘ ਨੇ ਕਰਫਿਊ ਪਾਸ ਪੁੱਛਣ 'ਤੇ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਸੀ। ਸਾਰੇ ਦੋਸ਼ੀ ਬਲਬੇੜਾ ਸਥਿਤ ਗੁਰਦੁਆਰਾ ਸ੍ਰੀ ਖਿਚੜੀ ਸਾਹਿਬ ਦੇ ਨਿਹੰਗ ਡੇਰੇ ‘ਚ ਲੁੱਕ ਗਏ ਸੀ। ਪੁਲਿਸ ਨੇ ਕਮਾਂਡੋ ਕਾਰਵਾਈ ਕਰਦਿਆਂ ਇੱਕ ਮਹਿਲਾ ਸਣੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਪਟਿਆਲਾ ਥਾਣਾ ਪਸਿਆਣਾ ਵਿਖੇ ਨਿਹੰਗ ਡੇਰਾ ਦੇ ਮੁਖੀ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਤੀਜਾ ਕੇਸ ਦਰਜ ਕੀਤਾ ਗਿਆ ਹੈ। ਐਸਆਈ ਮੋਹਨ ਸਿੰਘ ਅਨੁਸਾਰ ਕੈਂਪ ਦੇ ਪਿਛਲੇ ਹਿੱਸੇ ਵਿਚ ਤਿੰਨ ਹਜ਼ਾਰ ਨਸ਼ੀਲੀਆਂ ਗੋਲੀਆਂ, ਸੱਤ ਬੋਰੀਆਂ ਹਰੇ ਭੰਗ, ਡੋਡਾ ਭੁੱਕੀ ਦਾ ਇੱਕ ਥੈਲਾ ਬਰਾਮਦ ਹੋਇਆ। ਸੋਮਵਾਰ ਨੂੰ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 11 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।