Scratch Off Lottery Ticket: ਅਮਰੀਕਾ ਦਾ ਇਕ ਟਰੱਕ ਡਰਾਈਵਰ, ਜਿਸ ਨੇ ਮਿਸ਼ੀਗਨ 'ਚ ਇੱਕ ਸਕ੍ਰੈਚ-ਆਫ਼ ਲਾਟਰੀ ਟਿਕਟ ਖਰੀਦੀ ਸੀ, ਉਸ ਨੂੰ ਆਪਣੀ ਕਿਸਮਤ ਅਤੇ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ, ਜਦੋਂ ਉਹ ਕਰੋੜਪਤੀ ਬਣ ਗਿਆ। ਹਾਲਾਂਕਿ ਉਸ ਨੂੰ ਸਿਰਫ਼ ਇੱਕ ਮਾਮੂਲੀ ਇਨਾਮ ਦੀ ਉਮੀਦ ਸੀ। ਇਲੀਨੋਇਸ ਦੇ 48 ਸਾਲਾ ਵਿਅਕਤੀ ਨੇ ਆਪਣਾ ਟਿਕਟ ਨੰਬਰ ਦੇਖਿਆ ਅਤੇ ਉਸ ਨੂੰ ਆਪਣੀ ਲਾਟਰੀ ਦਾ ਦਾਅਵਾ ਕਰਨ ਦਾ ਮੈਸੇਜ ਮਿਲਿਆ। ਉਸ ਨੇ ਪਹਿਲਾਂ ਸੋਚਿਆ ਕਿ ਉਸ ਨੂੰ 1.50 ਲੱਖ ਰੁਪਏ ਦੀ ਲਾਟਰੀ ਲੱਗ ਗਈ ਹੈ, ਪਰ ਜਿਵੇਂ ਹੀ ਉਸ ਨੇ ਇਸ ਬਾਰੇ ਪਤਾ ਕਰਨ ਲਈ ਟਿਕਟ ਚੈੱਕ ਕੀਤੀ ਤਾਂ ਉਹ ਹੈਰਾਨ ਰਹਿ ਗਿਆ, ਕਿਉਂਕਿ ਉਸ ਨੂੰ 7.9 ਕਰੋੜ ਰੁਪਏ ਦਾ ਜੈਕਪਾਟ ਨਿਕਲਿਆ।


ਟਰੱਕ ਡਰਾਈਵਰ ਦੀ ਲੱਗੀ ਲਾਟਰੀ, ਜਿੱਤੇ ਕਰੋੜਾਂ ਰੁਪਏ
ਲਾਟਰੀ ਜਿੱਤਣ ਵਾਲੇ ਵਿਅਕਤੀ ਨੇ ਕਿਹਾ, "ਮੈਂ ਇੱਕ ਟਰੱਕ ਡਰਾਈਵਰ ਹਾਂ, ਇਸ ਲਈ ਮੈਂ ਮਿਸ਼ੀਗਨ 'ਚ ਹਾਂ ਅਤੇ ਮੈਨੂੰ ਇੱਥੇ ਰਹਿੰਦਿਆਂ ਲਾਟਰੀ ਦੀਆਂ ਟਿਕਟਾਂ ਖਰੀਦਣੀਆਂ ਪਸੰਦ ਹਨ।" ਮਿਸ਼ੀਗਨ ਲਾਟਰੀ ਅਧਿਕਾਰੀਆਂ ਦੇ ਅਨੁਸਾਰ ਟਰੱਕ ਡਰਾਈਵਰ ਨੇ ਮੱਟਾਵਨ ਦੇ ਇੱਕ ਗੈਸ ਸਟੇਸ਼ਨ ਤੋਂ ਆਪਣਾ ਮਿਸਟ੍ਰੀ ਮਲਟੀਪਲਾਇਰ ਸਕ੍ਰੈਚ-ਆਫ ਖਰੀਦਿਆ ਸੀ। ਡਰਾਈਵਰ ਨੇ ਦੱਸਿਆ, "ਮੈਂ ਟਿਕਟ ਖਰੀਦਦੇ ਹੀ ਬਾਰਕੋਡ ਨੂੰ ਸਕੈਨ ਕੀਤਾ। ਜਦੋਂ ਮੈਨੂੰ ਦਾਅਵਾ ਕਰਨ ਦਾ ਮੈਸੇਜ ਮਿਲਿਆ ਤਾਂ ਮੈਨੂੰ ਲੱਗਿਆ ਕਿ ਮੈਂ 2000 ਡਾਲਰ (ਲਗਭਗ 1.50 ਲੱਖ) ਦਾ ਇਨਾਮ ਜਿੱਤ ਲਿਆ ਹੈ।"


ਲਾਟਰੀ ਤੋਂ ਜਿੱਤੇ ਪੈਸਿਆਂ ਨਾਲ ਖਰੀਦੇਗਾ ਨਵੀਂ ਕਾਰ
ਡਰਾਈਵਰ ਨੇ ਕਿਹਾ, "ਜਦੋਂ ਮੈਂ ਆਪਣੇ ਟਰੱਕ 'ਚ ਵਾਪਸ ਆਇਆ ਤਾਂ ਮੈਂ ਟਿਕਟ ਨੂੰ ਸਕ੍ਰੈਚ ਕੀਤਾ ਅਤੇ ਜਦੋਂ ਵੇਖਿਆ ਕਿ ਮੈਂ 1 ਮਿਲੀਅਨ ਜਿੱਤੇ ਹਨ ਤਾਂ ਮੈਨੂੰ ਭਰੋਸਾ ਨਹੀਂ ਹੋਇਆ। ਜਦੋਂ ਤੱਕ ਮੈਂ ਆਪਣੇ ਇਨਾਮ ਦੀ ਪੁਸ਼ਟੀ ਕਰਨ ਲਈ ਲਾਟਰੀ ਦਫ਼ਤਰ ਨੂੰ ਫ਼ੋਨ ਨਹੀਂ ਕੀਤਾ, ਉਦੋਂ ਤੱਕ ਮੈਨੂੰ ਇਹ ਸੱਚ ਨਹੀਂ ਲੱਗ ਰਿਹਾ ਸੀ।" ਉਸ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਨਾਲ ਨਵੀਂ ਕਾਰ ਖਰੀਦੇਗਾ ਅਤੇ ਬਾਕੀ ਪੈਸੇ ਆਪਣੇ ਕੋਲ ਰੱਖੇਗਾ।