ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਕਾਂਗਰਸ ਹਾਈਕਮਾਨ ਨੇ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲਈ ਹੈ। ਕੈਪਟਨ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਮਗਰੋਂ ਸਪਸ਼ਟ ਕਿਹਾ ਕਿ ਹਾਈਕਮਾਨ ਦਾ ਹਰ ਫੈਸਲਾ ਪੰਜਾਬ ਵਿੱਚ ਲਾਗੂ ਹੋਏਗਾ। ਉਂਝ ਬਾਗੀ ਲੀਡਰ ਨਵਜੋਤ ਸਿੱਧੂ ਬਾਰੇ ਭੇਤ ਬਰਕਰਾਰ ਹੈ।
ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਦੇ ‘ਪੰਜਾਬ ਫ਼ਾਰਮੂਲਾ’ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਦੇ ਦਿੱਤੀ ਹੈ। ਇਸ ਤਹਿਤ ਅਗਲੇ ਹਫਤੇ ਤੱਕ ਪੰਜਾਬ ਕਾਂਗਰਸ ਵਿੱਚ ਵੱਡਾ ਫੇਰ-ਬਦਲ ਵੇਖਣ ਨੂੰ ਮਿਲ ਸਕਦਾ ਹੈ। ਕੈਪਟਨ ਨੇ ਮੰਗਲਵਾਰ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਡੇਢ ਘੰਟਾ ਮੀਟਿੰਗ ਕੀਤੀ। ਮੀਟਿੰਗ ’ਚ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਵੀ ਸ਼ਮੂਲੀਅਤ ਕੀਤੀ।
ਕਾਂਗਰਸ ਹਾਈਕਮਾਨ ਦੀ ਇਸ ਮੀਟਿੰਗ ਮਗਰੋਂ ਪੰਜਾਬ ਵਜ਼ਾਰਤ ਵਿੱਚ ਹੁਣ ਰੱਦੋਬਦਲ ਦਾ ਰਾਹ ਪੱਧਰਾ ਹੋ ਗਿਆ ਹੈ। ਚਰਚੇ ਹਨ ਕਿ ਕੁਝ ਵਜ਼ੀਰਾਂ ਦੀ ਛਾਂਟੀ ਵੀ ਹੋ ਸਕਦੀ ਹੈ ਜਿਨ੍ਹਾਂ ’ਚ ਬਾਗੀ ਸੁਰ ਵਾਲੇ ਹੋ ਸਕਦੇ ਹਨ। ਅਕਾਲੀ-ਬਸਪਾ ਗੱਠਜੋੜ ਨੂੰ ਅਸਰਹੀਣ ਕਰਨ ਲਈ ਦਲਿਤ ਚਿਹਰਿਆਂ ਨੂੰ ਅਹਿਮ ਥਾਂ ਮਿਲੇਗੀ। ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਲਿਤ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ।
ਪੰਜਾਬ ਕਾਂਗਰਸ ਦਾ ਵੀ ਪੁਨਰਗਠਨ ਹੋਵੇਗਾ ਤੇ ਮੁੱਖ ਮੰਤਰੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਦਲਿਤ ਜਾਂ ਹਿੰਦੂ ਚਿਹਰਾ ਦੇਖਣ ਦੇ ਇੱਛੁਕ ਹਨ ਜਦੋਂ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਵੱਲੋਂ ਨਵਜੋਤ ਸਿੱਧੂ ਨੂੰ ਇਹ ਕੁਰਸੀ ਦੇਣ ਲਈ ਜ਼ੋਰ ਲਾਇਆ ਜਾ ਸਕਦਾ ਹੈ। ਕੈਪਟਨ ਖੇਮੇ ਵੱਲੋਂ ਪ੍ਰਧਾਨਗੀ ਲਈ ਮਨੀਸ਼ ਤਿਵਾੜੀ, ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਾਇਆ ਜਾਵੇਗਾ ਤੇ ਦੋ ਉਪ ਮੁੱਖ ਮੰਤਰੀ ਬਣਾਏ ਜਾਣੇ ਹਨ। ਨਵਜੋਤ ਸਿੱਧੂ ਦੀ ਭੂਮਿਕਾ ਬਾਰੇ ਹਾਲੇ ਸਪੱਸ਼ਟ ਨਹੀਂ ਹੋਇਆ। ਵੈਸੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹੇਠਾਂ ਕੁਝ ਲੈਣ ਨੂੰ ਤਿਆਰ ਨਹੀਂ। ਦੂਸਰੇ ਪਾਸੇ ਮੁੱਖ ਮੰਤਰੀ ਵੀ ਨਵਜੋਤ ਸਿੱਧੂ ਨਾਲ ਬਤੌਰ ਪ੍ਰਧਾਨ ਚੱਲਣ ਨੂੰ ਤਿਆਰ ਨਹੀਂ। ਹਾਈਕਮਾਨ ਲਈ ਸਭ ਤੋਂ ਪਹਿਲੀ ਤਰਜੀਹ ਅਮਰਿੰਦਰ-ਨਵਜੋਤ ਵਾਲੇ ਵਿਵਾਦ ਨੂੰ ਹੱਲ ਕਰਨਾ ਹੈ।