ਚੰਡੀਗੜ੍ਹ: ਆਪਣੇ ਬਿਆਨਾਂ ਰਾਹੀਂ ਆਪਣੀ ਹੀ ਪਾਰਟੀ ਵਿਰੁੱਧ ਸਮੇਂ-ਸਮੇਂ 'ਤੇ ਸ਼ਬਦੀ ਵਾਰ ਕਰਨ ਵਾਲੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਰੁੱਧ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਮੈਦਾਨ 'ਚ ਨਿੱਤਰ ਆਏ ਹਨ। ਕੈਪਟਨ ਨੇ ਮੰਗਲਵਾਰ ਨੂੰ ਪਹਿਲੀ ਵਾਰ ਹਮਲਾਵਰ ਰਵੱਈਆ ਅਖ਼ਤਿਆਰ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਿੱਧੂ ਕਿਸ ਪਾਰਟੀ ਤੋਂ ਹੈ। ਸਿੱਧੂ ਨੂੰ ਕੋਈ ਵੀ ਪਾਰਟੀ ਲੈਣ ਲਈ ਤਿਆਰ ਨਹੀਂ। ਨਾ ਤਾਂ ਉਹ ਭਾਜਪਾ 'ਚ ਜਾਣਗੇ ਤੇ ਨਾ ਹੀ ਅਕਾਲੀ ਦਲ ਉਨ੍ਹਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰੇਗਾ। ਹਾਂ, ਆਮ ਆਦਮੀ ਪਾਰਟੀ ਬਾਰੇ ਮੈਨੂੰ ਪਤਾ ਨਹੀਂ ਪਰ ਕਾਂਗਰਸ ਪਾਰਟੀ 'ਚ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਦਾ ਮੈਂਬਰ ਹੈ ਜਾਂ ਨਹੀਂ। ਕੈਪਟਨ ਨੇ ਕਿਹਾ ਕਿ ਜੇ ਤੁਸੀਂ ਵਧੀਆ ਬੋਲ ਲੈਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਹਰ ਅਹੁਦਾ ਦੇ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਕੁਝ ਦਿਨ ਪਹਿਲਾਂ ਪਾਰਟੀ 'ਚ ਆਏ ਤੇ ਉਹ ਪਾਰਟੀ ਪ੍ਰਧਾਨ ਬਣਨਾ ਚਾਹੁੰਦੇ ਹਨ। ਉਨ੍ਹਾਂ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ, "ਉਹ ਸ਼ੌਂਕ ਨਾਲ ਪਟਿਆਲਾ ਤੋਂ ਮੇਰੇ ਵਿਰੁੱਧ ਚੋਣ ਲੜੇ, ਉਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਸਿੱਧੂ ਦਾ ਵੀ ਉਹੀ ਹਾਲ ਹੋਵੇਗਾ, ਜਿਵੇਂ ਅਕਾਲੀ ਉਮੀਦਵਾਰ ਜੇਜੇ ਸਿੰਘ ਨਾਲ ਹੋਇਆ ਸੀ।" ਇਸ ਦੇ ਨਾਲ ਹੀ ਕੈਪਟਨ ਨੇ ਸਿੱਧੂ ਨੂੰ ਸੁਨੀਲ ਜਾਖੜ ਦੀ ਥਾਂ ਪਾਰਟੀ ਦਾ ਪ੍ਰਧਾਨ ਬਣਾਉਣ ਦੀਆਂ ਕਿਆਸਅਰਾਈਆਂ ਨੂੰ ਵੀ ਨਕਾਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਹਮਲੇ ਤੋਂ ਬਾਅਦ ਮੰਗਲਵਾਰ ਸ਼ਾਮ ਤਕ ਸਾਰਿਆਂ ਦੀਆਂ ਨਜ਼ਰਾਂ ਨਵਜੋਤ ਸਿੱਧੂ ਦੀ ਪ੍ਰਤੀਕ੍ਰਿਆ 'ਤੇ ਟਿਕੀਆਂ ਹੋਈਆਂ ਸਨ। ਸ਼ਾਮ ਲਗਪਗ 7 ਵਜੇ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪਹਿਲੀ ਪੋਸਟ ਪਾਉਂਦਿਆਂ ਕਿਹਾ, "ਪੰਜਾਬ ਦੀ ਜ਼ਮੀਰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ। ਉਨ੍ਹਾਂ ਦੀ ਜ਼ਮੀਰ ਪੰਜਾਬ ਹੈ ਤੇ ਪੰਜਾਬ ਦੀ ਜ਼ਮੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸਾਡੀ ਲੜਾਈ ਇਨਸਾਫ਼ ਲਈ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੈ। ਇਸ ਸਮੇਂ ਵਿਧਾਨ ਸਭਾ ਸੀਟ ਬਾਰੇ ਗੱਲ ਕਰਨਾ ਵੀ ਬੇਇਮਾਨੀ ਹੈ।"
ਇਕ ਘੰਟੇ ਬਾਅਦ ਇਕ ਹੋਰ ਪੋਸਟ 'ਚ ਸਿੱਧੂ ਨੇ ਲਿਖਿਆ, "ਤੁਸੀਂ ਇਧਰ-ਉਧਰ ਦੀ ਗੱਲ ਨਾ ਕਰੋ, ਇਹ ਦੱਸੋ - ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਹੋਇਆ... ਲੀਡਰਸ਼ਿਪ 'ਤੇ ਸਵਾਲ ਹੈ? ਨੀਅਤ 'ਤੇ ਸਵਾਲ ਹੈ!!"
ਦੱਸ ਦੇਈਏ ਕਿ ਜਿਸ ਤਰੀਕੇ ਨਾਲ ਕੈਪਟਨ ਨੇ ਸਿੱਧੂ ਨੂੰ ਘੇਰਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਸਿਰਫ਼ ਗੱਲਾਂ ਕਰਨੀਆਂ ਹੀ ਕਾਫ਼ੀ ਨਹੀਂ ਹਨ, ਪਾਰਟੀ ਤੇ ਸਰਕਾਰ ਲਈ ਕੰਮ ਕਰਨਾ ਵੀ ਜ਼ਰੂਰੀ ਹੈ। ਇਸ ਬਿਆਨਬਾਜ਼ੀ ਤੋਂ ਬਾਅਦ ਪੰਜਾਬ ਕਾਂਗਰਸ 'ਚ ਇਕ ਵਾਰ ਫਿਰ ਉਥਲ-ਪੁਥਲ ਹੋਣ ਵਾਲੀ ਹੈ। ਇਹ ਵੀ ਸਪੱਸ਼ਟ ਹੈ ਕਿ ਸਿੱਧੂ ਨੂੰ ਪਾਰਟੀ ਜਾਂ ਸਰਕਾਰ 'ਚ ਕੋਈ ਅਹੁਦਾ ਮਿਲਣ ਦੀ ਸੰਭਾਵਨਾ ਨਹੀਂ।