Bomb Threat: ਜੈਪੁਰ ਦੇ ਦੋ ਵੱਡੇ ਹਸਪਤਾਲਾਂ ਸਮੇਤ ਰਾਜਸਥਾਨ ਦੇ 100 ਤੋਂ ਜ਼ਿਆਦਾ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਵੇਰੇ 8 ਕੁ ਵਜੇ ਕਰੀਬ ਆਏ ਈ-ਮੇਲ ਨੇ ਹਸਪਤਾਲ ਪ੍ਰਬੰਧਕਾਂ ਦੇ ਹੋਸ਼ ਉਡਾ ਦਿੱਤੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
ਦੱਸ ਦਈਏ ਕਿ ਮੇਲ ਵਿੱਚ ਲਿਖਿਆ ਸੀ ਹਸਪਤਾਲ ਦੇ ਬੈੱਡ ਥੱਲੇ ਤੇ ਬਾਥਰੂਮ ਅੰਦਰ ਬੰਮ ਰੱਖਿਆ ਹੈ, ਹਸਪਤਾਲ ਵਿੱਚ ਸਾਰੇ ਵਿਅਕਤੀ ਮਾਰੇ ਜਾਣਗੇ, ਹਰ ਪਾਸੇ ਖ਼ੂਨ-ਖ਼ੂਨ ਹੀ ਹੋਵੇਗਾ। ਤੁਸੀਂ ਸਾਰੇ ਲੋਕ ਮੌਤ ਦੇ ਹੀ ਲਾਇਕ ਹੋ, ਮੇਲ ਕਰਨ ਵਾਲੇ ਨੇ ਆਪਣੀ ਪਛਾਣ 'ਲੱਖਾ ਅੱਤਵਾਦੀ ਚਿੰਗ ਐਂਡ ਕਲਟਿਸਟ' ਵਜੋਂ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਕਿ ਜੈਪੁਰ ਦੇ ਦਰਜਨ ਤੋਂ ਜ਼ਿਆਦਾ ਹਸਪਤਾਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ, ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸਰਚ ਅਭਿਆਨ ਸ਼ੁਰੂ ਕੀਤਾ। ਇਸ ਦੇ ਨਾਲ ਹੀ ਏਟੀਐਸ ਤੇ ਬੰਬ ਨਿਰੋਧਕ ਦਸਤੇ ਵੀ ਭੇਜੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਦੀ ਘੜੀ ਤੱਕ ਕਈ ਵੀ ਸ਼ੱਕ ਚੀਜ਼ ਨਹੀਂ ਮਿਲੀ ਹੈ ਉੱਥੇ ਹੀ ਮੇਲ ਕਰਨ ਵਾਲੇ ਦੇ ਆਈਪੀ ਅਡਰੈਸ ਨੂੰ ਸਰਚ ਕੀਤਾ ਜਾ ਰਿਹਾ ਹੈ।
ਅੰਮ੍ਰਿਤਰਸ ਦੇ ਏਅਰਪੋਰਟ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸ਼ਨੀਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੁਲਿਸ ਨੇ 24 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਫ਼ਿਰੋਜ਼ਪੁਰ ਤੋਂ ਗੁਰਦੇਵ ਸਿੰਘ ਨਾਂਅ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਸ ਦੇ ਨਾਮਜ਼ਦ ਕੀਤੇ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਸੀ।