ਗੁਰਦਾਸਪੁਰ: ਬੀਤੇ ਕੱਲ੍ਹ ਬੱਲੜਵਾਲ ਵਿਖੇ ਦਿਨ ਦਿਹਾੜੇ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਅੱਜ ਪਰਿਵਾਰਕ ਮੈਂਬਰਾਂ ਨੇ ਧਰਨਾ ਸਮਾਪਤ ਕਰ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਇਸ ਸਬੰਧੀ ਅੱਜ ਐਸਐਸਪੀ ਬਟਾਲਾ ਨੇ ਪ੍ਰੈੱਸ ਕਾਨਫ਼ਰੰਸ ਕਰ ਜਾਣਕਾਰੀ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿੱਚ ਰਾਸ਼ਨ ਦੇ ਡਿਪੂ ਦੀ ਰੰਜਿਸ਼ ਅਤੇ ਦੋਨਾਂ ਧਿਰਾਂ ਦੇ ਲੜਕਾ ਲੜਕੀ ਦੇ ਪ੍ਰੇਮ ਸਬੰਧਾਂ ਕਾਰਨ ਦੋਨਾਂ ਪਰਿਵਾਰਾਂ ਵਿੱਚ ਖੂਨੀ ਝੜਪ ਹੋਈ ਸੀ। ਇਸ ਦੌਰਾਨ ਸੁਖਵਿੰਦਰ ਸਿੰਘ ਉਰਫ ਸੋਨੀ ਕੁਲਵਿੰਦਰ ਕੌਰ ਅਤੇ ਜਤਿੰਦਰ ਸਿੰਘ ਉਰਫ ਜੋਤੀ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਖੇਤਾਂ ਵਿੱਚ ਕੰਮ ਕਰ ਰਹੇ 6 ਵਿਅਕਤੀਆਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਘਟਨਾ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਇਸ ਘਟਨਾ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੋਨੀ ਅਤੇ ਜਤਿੰਦਰ ਸਿੰਘ ਉਰਫ ਜੋਤੀ ਅਤੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜੋ ਕਿ ਸਮਾਪਤ ਕਰਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/