ਕਰਾਚੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਇੱਕ ਬੇਫਾਟਕੀ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਯਾਤਰੀ ਬੱਸ ਟ੍ਰੇਨ ਦੀ ਲਪੇਟ ਵਿੱਚ ਆ ਗਈ। ਜਿਸ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋਏ ਹਨ। ਦੱਸ ਦਈਏ ਕਿ ਇਹ ਹਾਦਸਾ ਸੁਕੂਰ ਜ਼ਿਲ੍ਹੇ ਦੇ ਰੋਹਰੀ ਖੇਤਰ 'ਚ ਉਸ ਸਮੇਂ ਵਾਪਰਿਆ ਜਦੋਂ ਕਰਾਚੀ ਤੋਂ ਸਰਗੋਧਾ ਜਾ ਰਹੀ ਇੱਕ ਬੱਸ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰ ਰਹੀ ਸੀ।

ਸੁਕੂਰ ਦੇ ਕਮਿਸ਼ਨਰ ਸ਼ਫੀਕ ਅਹਿਮਦ ਮਹੇਸਰ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਕਈ ਜ਼ਮੀਆਂ ਦੀ ਹਾਲਤ ਨਾਜ਼ੁਕ ਹੈ। ਮਹੇਸਰ ਨੇ ਦੱਸਿਆ ਕਿ ਘੱਟੋ-ਘੱਟ 60 ਜ਼ਮੀਆਂ ਨੂੰ ਰੋਹਰੀ ਅਤੇ ਸੁਕੂਰ ਦੇ ਹਸਪਤਾਲਾਂ 'ਚ ਦਾਖਿਲ ਕਰਵਾਇਆ ਗਿਆ ਹੈ।



ਦੱਸ ਦੇਈਏ ਕਿ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੇ 3 ਟੁਕੜੇ ਹੋ ਗਏ। ਸੁਕੂਰ ਦੇ ਪੁਲਿਸ ਅਧਿਕਾਰੀ ਜਮੀਲ ਅਹਿਮਦ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ 3 ਟੁਕੜਿਆਂ 'ਚ ਵੰਡੀ ਗਈ। ਉਨ੍ਹਾਂ ਦੱਸਿਆ ਕਿ ਟ੍ਰੇਨ ਬੱਸ ਨੂੰ ਤਕਰੀਬਨ 150 ਤੋਂ 200 ਫੁੱਟ ਤੱਕ ਖਿੱਚ ਕੇ ਲੈ ਗਈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਸੁਕੂਰ ਕਮਿਸ਼ਨਰ ਨੂੰ ਖੇਤਰ 'ਚ ਬਚਾਅ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ।