ਚੰਡੀਗੜ੍ਹ: ਹਵਾਈ ਜਹਾਜ਼ ’ਚ ਬੈਠਣਾ ਤੇ ਸਫ਼ਰ ਕਰਨਾ ਹੁਣ ਵੀ ਦੇਸ਼ ਵਿੱਚ ਸਟੇਟਸ ਸਿੰਬਲ ਬਣਿਆ ਹੋਇਆ ਹੈ ਪਰ ਹੁਣ ਇੰਝ ਨਹੀਂ ਹੋਵੇਗਾ। ਤੁਸੀਂ ਵੀ ਕਾਰ ਦੇ ਕਿਰਾਏ ’ਚ ਆਕਾਸ਼ ’ਚ ਉਡਾਣ ਭਰ ਸਕਦੇ ਹੋ ਤੇ ਹਵਾਈ ਸਫ਼ਰ ਦਾ ਆਨੰਦ ਲੈ ਸਕਦੇ ਹੋ। ਦਰਅਸਲ, ਦੇਸ਼ ’ਚ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਹੋ ਗਈ ਹੈ।


ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਮੌਕੇ ਏਅਰ ਟੈਕਸੀ ਦੇ ਰੂਪ ਵਿੱਚ ਤੋਹਫ਼ਾ ਮਿਲਿਆ ਹੈ। ਦੇਸ਼ ਦੀ ਪਹਿਲੀ ਏਅਰ ਟੈਕਸੀ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਕੀਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਰਵਾਰ ਨੂੰ ਇਹ ਸੇਵਾ ਸ਼ੁਰੂ ਕੀਤੀ।


ਇਹ ਸੇਵਾ ਸ਼ੁਰੂ ਹੋਣ ਨਾਲ ਹੁਣ ਤੁਸੀਂ ਸਿਰਫ਼ ਟੈਕਸੀ ਦਾ ਕਿਰਾਇਆ ਅਦਾ ਕਰ ਕੇ ਏਅਰ ਟੈਕਸੀ ਨਾਲ ਸਿਰਫ਼ 50 ਮਿੰਟਾਂ ’ਚ ਹਿਸਾਰ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਹਿਸਾਰ ਦਾ ਸਫ਼ਰ ਕਰ ਸਕਦੇ ਹੋ। ਚਾਰ ਸੀਟਰ ਏਅਰ ਟੈਕਸੀ ਹਵਾਈ ਜਹਾਜ਼ ਦਾ ਪ੍ਰਤੀ ਵਿਅਕਤੀ ਕਿਰਾਇਆ ਸਿਰਫ਼ 1,755 ਰੁਪਏ ਹੈ।




ਇੰਝ ਲੋਕਾਂ ਦੇ ਸਮੇਂ ਤੇ ਪੈਸੇ ਦੋਵਾਂ ਦੀ ਬੱਚਤ ਹੋਵੇਗੀ। ਇਸ ਯਾਤਰਾ ਲਈ ਚੈੱਕ ਇਨ ਵਾਸਤੇ ਇੱਕ ਘੰਟਾ ਪਹਿਲਾਂ ਪੁੱਜਣਾ ਹੋਵੇਗਾ। ਸਿਰਫ਼ 10 ਮਿੰਟ ਪਹਿਲਾਂ ਪੁੱਜ ਕੇ ਵੀ ਤੁਸੀਂ ਹਵਾਈ ਟੈਕਸੀ ’ਚ ਆਪਣੀ ਸੀਟ ’ਤੇ ਬੈਠ ਸਕਦੇ ਹੋ।


ਏਅਰ ਟੈਕਸੀ ਦਾ ਦੂਜਾ ਗੇੜ 18 ਜਨਵਰੀ ਤੋਂ ਸ਼ੁਰੂ ਹੋਵੇਗਾ। ਇਹ ਸੇਵਾ ਹਿਸਾਰ ਤੋਂ ਦੇਹਰਾਦੂਨ ਵਿਚਾਲੇ ਸ਼ੁਰੂ ਹੋਵੇਗੀ। ਇਸ ਸੇਵਾ ਰਾਹੀਂ ਸਿਰਫ਼ 2,500 ਰੁਪਏ ਨਾਲ ਹਿਸਾਰ ਤੋਂ ਧਰਮਸ਼ਾਲਾ ਦੀ ਦੂਰੀ ਸਵਾ ਘੰਟੇ ’ਚ ਪੂਰੀ ਕੀਤੀ ਜਾ ਸਕੇਗੀ। ਤੀਜੇ ਗੇੜ ’ਚ ਚੰਡੀਗੜ੍ਹ ਤੋਂ ਦੇਹਰਾਦੂਨ ਤੇ ਹਿਸਾਰ ਤੋਂ ਧਰਮਸ਼ਾਲਾ ਵਿਚਾਲੇ ਏਅਰ ਟੈਕਸੀ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਹਰਿਆਣਾ ਤੋਂ ਸ਼ਿਮਲਾ, ਕੁੱਲੂ ਸਮੇਤ ਕਈ ਰੂਟਾਂ ਲਈ ਏਅਰ ਟੈਕਸੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ।