ਦੇਹਰਾਦੂਨ: ਉਤਰਾਖੰਡ ਦੇ ਜੋਸ਼ੀਮਠ 'ਚ ਇਕ ਗਲੇਸ਼ੀਅਰ ਟੁੱਟਣ ਕਾਰਨ ਦੋ ਲੋਕਾਂ ਦੀ ਮੌਤ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਭਾਰਤ-ਚੀਨ ਸਰਹੱਦ 'ਤੇ ਉੱਤਰਾਖੰਡ ਦੀ ਨੀਤੀ ਘਾਟੀ ਵਿੱਚ ਸੁਮਨਾ ਵਿਖੇ ਇੱਕ ਹਿਲੇਸ਼ੀਅਰ ਫਟਣ ਦੀ ਘਟਨਾ ਹੋਈ। ਜਿਸ ਤੋਂ ਬਾਅਦ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅਲਰਟ ਜਾਰੀ ਕੀਤਾ। 


 


ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਆਰਓ ਨਾਲ ਸੰਪਰਕ ਰੱਖਦਿਆਂ ਮੁੱਖ ਮੰਤਰੀ ਹਾਦਸੇ ਦੀ ਨਿਗਰਾਨੀ ਕਰ ਰਹੇ ਹਨ। ਭਾਰਤੀ ਫੌਜ ਇਥੇ ਨਿਰੰਤਰ ਰੈਸਕਿਊ ਆਪ੍ਰੇਸ਼ਨ ਚਲਾ ਰਹੀ ਹੈ। ਹੁਣ ਤੱਕ 291 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। 


 


ਐਨਟੀਪੀਸੀ ਅਤੇ ਹੋਰ ਪ੍ਰਾਜੈਕਟਾਂ 'ਚ ਰਾਤ ਨੂੰ ਕੰਮ ਕਰਨਾ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੀਤੀ ਘਾਟੀ ਦੀ ਸੁਮਨਾ ਵਿੱਚ ਗਲੇਸ਼ੀਅਰ ਟੁੱਟਣ ਦੀ ਜਾਣਕਾਰੀ ਦਾ ਤੁਰੰਤ ਨੋਟਿਸ ਲਿਆ ਹੈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਉਤਰਾਖੰਡ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ ਅਤੇ ਆਈਟੀਬੀਪੀ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।