ਮਹਿਤਾਬ-ਉਦ-ਦੀਨ

ਚੰਡੀਗੜ੍ਹ: ਦਿੱਲੀ ਪੁਲਿਸ ਨੇ ਦੋ ਸਿੱਖ ਨੌਜਵਾਨਾਂ ਮਲਕੀਤ ਸਿੰਘ (27) ਵਾਸੀ ਆਜ਼ਾਦਪੁਰ, ਦਿੱਲੀ ਤੇ ਭੁਪਿੰਦਰ ਸਿੰਘ (24) ਨਿਵਾਸੀ ਗੁਰਦਾਸਪੁਰ, ਪੰਜਾਬ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਿੱਖ ਜਥੇਬੰਦੀਆਂ ’ਚੋਂ ਇੱਕ ਦੇ ਮੁਖੀ ਦਾ ਕਤਲ ਕਰਨ ਦੀ ਸਾਜ਼ਿਸ਼ ਘੜ ਰਹੇ ਸਨ।

 

ਪੁਲਿਸ ਅਨੁਸਾਰ ਦੋਵੇਂ ਗ੍ਰਿਫ਼ਤਾਰ ਪੰਜਾਬੀ ਨੌਜਵਾਨਾਂ ਕੋਲੋਂ 20 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ। ਸਨਿੱਚਰਵਾਰ ਨੂੰ ਉਨ੍ਹਾਂ ਨੂੰ ਮੁਲਜ਼ਮਾਂ ਬਾਰੇ ਸੂਹ ਮਿਲਣ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਦੋਵਾਂ ਨੂੰ ਸ਼ਾਲੀਮਾਰ ਬਾਗ਼ ਇਲਾਕੇ ਦੇ ਬੇਰੀ ਵਾਲਾ ਬਾਗ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ।

 

ਦਿੱਲੀ ਪੁਲਿਸ ਦੇ ‘ਡਿਪਟੀ ਕਮਿਸ਼ਨਰ ਆੱਫ਼ ਪੁਲਿਸ’(ਸਪੈਸ਼ਲ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਮਲਕੀਤ ਸਿੰਘ ਦੇ ਪਿਤਾ ਬਲਦੇਵ ਸਿੰਘ ਲਾਲ ਬਾਗ਼ ਇਲਾਕੇ ਦੇ ਗੁਰਦੁਆਰਾ ਜੈਮਲ ਸਿੰਘ ਸਾਹਿਬ ਵਿਖੇ ਗ੍ਰੰਥੀ ਨਿਯੁਕਤ ਹੋਏ ਸਨ। ਸਾਲ 2007 ’ਚ ਉਨ੍ਹਾਂ ਦੇ ਪਿਤਾ ਨੂੰ ਪਟਿਆਲਾ ਦੇ ਬੰਤਾ ਸਿੰਘ ਬਗ਼ੀਚੀ ਗੋਲੀਕਾਂਡ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਗੋਲੀਕਾਂਡ ਵਿੱਚ ਚਾਰ ਨਿਹੰਗ ਸਿੰਘਾਂ ਦਾ ਕਤਲ ਹੋਇਆ ਸੀ।

 

ਪੁਲਿਸ ਅਧਿਕਾਰੀ ਅਨੁਸਾਰ ਉਸ ਤੋਂ ਬਾਅਦ ਲਖਬੀਰ ਸਿੰਘ ਉਰਫ਼ ਲੱਖਾ ਨੂੰ ਸਾਲ 2010 ’ਚ ਲਖਬੀਰ ਸਿੰਘ ਲੱਖਾ ਨੂੰ ਗੁਰਦੁਆਰਾ ਜੈਮਲ ਸਿੰਘ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ। ਦੋਸ਼ ਹੈ ਕਿ ‘ਮਲਕੀਤ ਸਿੰਘ ਨੇ ਆਪਣੀ ਮਾਂ ਜਸਬੀਰ ਕੌਰ ਤੇ ਦੋ ਸੇਵਾਦਾਰਾਂ ਸੁਖਪਾਲ ਸਿੰਘ ਤੇ ਰਣਜੀਤ ਸਿੰਘ ਨਾਲ ਮਿਲ ਕੇ ਲੱਖਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ।’

 

ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਅ ਸੀ ਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਸਾਲ 2016 ’ਚ ਮਲਕੀਤ ਸਿੰਘ ਪੈਰੋਲ ’ਤੇ ਰਿਹਾਈ ਦੌਰਾਨ ਫ਼ਰਾਰ ਹੋ ਗਿਆ ਸੀ। ਫਿਰ 2017 ’ਚ ਉਸ ਨੂੰ ਫ਼ਤਿਹਗੜ੍ਹ ਸਾਹਿਬ ਸਥਿਤ ਬਲਵਾਨਗੜ੍ਹ ਸਾਹਿਬ ਗੁਰਦੁਆਰਾ ਉੱਤੇ ਕਬਜ਼ੇ ਲਈ ਇੱਕ ਸੇਵਾਦਾਰ ਪਿਆਰਾ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।

 

‘1 ਅਗਸਤ, 2020 ਨੂੰ ਮਲਕੀਤ ਸਿੰਘ ਨੂੰ ਕੋਵਿਡ-19 ਕਾਰਨ ਪੈਰੋਲ ’ਤੇ ਰਿਹਾਈ ਮਿਲ ਗਈ ਸੀ ਤੇ ਫਿਰ ਉਸ ਨੇ ਦੋ ਕਤਲਾਂ ਦੀ ਸਾਜ਼ਿਸ਼ ਘੜਨੀ ਸ਼ੁਰੂ ਕਰ ਦਿੱਤੀ ਸੀ’।