Abohar News : ਪੰਜਾਬ ਪੁਲਿਸ ਦੇ ਐਂਟੀ-ਨਾਰਕੋਟਿਕਸ ਸੈੱਲ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਅਬੋਹਰ-ਸ਼੍ਰੀ ਗੰਗਾਨਗਰ ਰੋਡ 'ਤੇ ਪੰਨੀਵਾਲਾ ਮਾਹਲਾ ਪਿੰਡ ਨੇੜੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ 1 ਕਿਲੋ 5 ਗ੍ਰਾਮ ਹੈਰੋਇਨ ਅਤੇ 3.90 ਲੱਖ ਰੁਪਏ ਦੀ ਡਰੱਗ ਮਨੀ  ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Continues below advertisement

ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਯੁਵਰਾਜ ਸਿੰਘ ਅਤੇ ਜਗਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਕਦੀ ਬਰਾਮਦ ਹੋਈ। ਪੁਲਿਸ ਨੇ ਤੁਰੰਤ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਸੂਰਤਗੜ੍ਹ-ਬੀਕਾਨੇਰ ਰੋਡ ਨੇੜੇ ਇੱਕ ਢਾਬਾ ਚਲਾਉਂਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਉੱਥੋਂ ਹੀ ਨਸ਼ਾ ਤਸਕਰੀ ਨਾਲ ਜੁੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਸਦੀ ਮੁਲਾਕਾਤ ਯੁਵਰਾਜ ਸਿੰਘ ਨਾਲ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਹੋਈ ਸੀ। ਬਾਅਦ ਵਿੱਚ ਯੁਵਰਾਜ ਨੂੰ ਢਾਬੇ 'ਤੇ ਕੰਮ 'ਤੇ ਰੱਖਿਆ ਗਿਆ ਅਤੇ ਦੋਵਾਂ ਨੇ ਮਿਲ ਕੇ ਕਥਿਤ ਤੌਰ 'ਤੇ ਹੈਰੋਇਨ ਦੀ ਤਸਕਰੀ ਦਾ ਨੈੱਟਵਰਕ ਖੜ੍ਹਾ ਕਰ ਲਿਆ।

Continues below advertisement

ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈਰੋਇਨ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸੂਬੇ ਵਿੱਚ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।