Farmer Protest: ਦਿੱਲੀ ਵੱਲ ਕਿਸਾਨਾਂ ਦੇ ਮਾਰਚ ਬਾਰੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ, ਪਰ ਜਾਣ ਦਾ ਤਰੀਕਾ ਸਹੀ ਨਹੀਂ ਹੈ। ਉਹ ਜੋ ਵੀ ਗੱਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਤੇ ਸੀਐਮ ਨਾਇਬ ਸਿੰਘ ਸੈਣੀ ਭਾਜਪਾ ਆਗੂ ਐਡਵੋਕੇਟ ਵੇਦਪਾਲ ਦੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਕਰਨਾਲ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਇਹ ਬਿਆਨ ਸਾਂਝਾ ਕੀਤਾ ਹੈ।
ਦਿੱਲੀ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਪਰ....
ਮਨੋਹਰ ਲਾਲ ਖੱਟਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਿਸੇ ਨੇ ਵੀ ਜਾਣ ਤੋਂ ਰੋਕਿਆ ਨਹੀਂ ਹੈ ਪਰ ਉਨ੍ਹਾਂ ਦਾ ਜਾਣ ਦਾ ਤਰੀਕਾ ਸਹੀ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤਰੀਕੇ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਨੇ ਜੋ ਵੀ ਗੱਲ ਕਰਨੀ ਹੈ ਉਹ ਬੈਠ ਕੇ ਕਰ ਸਕਦੇ ਹਨ। ਇਸ ਮੌਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੈਦਲ ਆ ਜਾਣ ਤੇ ਹੁਣ ਜਦੋਂ ਉਹ ਪੈਦਲ ਆ ਰਹੇ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਤਾਂ ਖੱਟਰ ਨੇ ਕਿਹਾ ਕਿ ਵਾਹਨ ਬਹੁਤ ਹਨ ਉਹ ਉਨ੍ਹਾਂ ਉੱਤੇ ਆ ਸਕਦੇ ਹਨ।
ਮੁੱਖ ਮੰਤਰੀ ਨੇ ਕੀ ਕਿਹਾ ?
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਿਹੜੇ ਲੋਕ ਕਿਸਾਨਾਂ ਦੇ ਨਾਂਅ 'ਤੇ ਰਾਜਨੀਤੀ ਕਰ ਰਹੇ ਹਨ, ਚਾਹੇ ਉਹ ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਫਿਰ ਦੂਜਿਆਂ 'ਤੇ ਉਂਗਲ ਉਠਾਉਣੀ ਚਾਹੀਦੀ ਹੈ।
ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਜੀ ਨੇ ਪਿਛਲੇ 10 ਸਾਲਾਂ 'ਚ ਕਿਸਾਨਾਂ ਦੇ ਹਿੱਤ 'ਚ ਮਜ਼ਬੂਤ ਕੰਮ ਕੀਤੇ ਹਨ। ਕਿਸਾਨਾਂ ਦੀਆਂ ਫਸਲਾਂ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਲਗਾਤਾਰ ਨਜ਼ਰ ਰੱਖਣ ਦਾ ਮਾਮਲਾ, ਮੋਦੀ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ।