ਮੁੰਬਈ: ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਆਪਣਾ ਨਵਾਂ ਸਿਆਸੀ ਸਫਰ ਸ਼ੁਰੂ ਕੀਤਾ ਹੈ। ਉਰਮਿਲਾ ਮਾਤੋਂਡਕਰ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ਮੁਖੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ 'ਚ ਸ਼ਾਮਲ ਹੋਈ।




ਦਰਅਸਲ, ਉਰਮਿਲਾ ਮਤੋਂਡਕਰ ਨੂੰ ਸ਼ਿਵ ਸੈਨਾ ਵਿਧਾਨ ਪ੍ਰੀਸ਼ਦ ਵਿੱਚ ਭੇਜਣਾ ਚਾਹੁੰਦੀ ਹੈ। ਹਾਲ ਹੀ ਵਿੱਚ ਰਾਜਪਾਲ ਕੋਟੇ ਤੋਂ ਵਿਧਾਨ ਸਭਾ ਵਿੱਚ ਨਿਯੁਕਤ ਕੀਤੇ ਜਾਣ ਵਾਲੇ 12 ਮੈਂਬਰਾਂ ਦੇ ਨਾਵਾਂ ਦੀ ਸੂਚੀ ਮਹਾਂ ਵਿਕਾਸ ਅਘਾੜੀ ਸਰਕਾਰ ਦੁਆਰਾ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਰਾਜਪਾਲ ਭਗਤ ਸਿੰਘ ਕੋਸ਼ਰੀ ਨੂੰ ਸੌਂਪੀ ਗਈ ਸੀ। ਇਸ 'ਚ ਸ਼ਿਵ ਸੈਨਾ ਨੇ ਉਰਮਿਲਾ ਮਾਤੋਂਡਕਰ ਨੂੰ ਆਪਣੇ ਕੋਟੇ ਤੋਂ ਉਮੀਦਵਾਰ ਬਣਾਇਆ ਹੈ।




ਇਸ ਦੇ ਨਾਲ ਹੀ ਉਰਮਿਲਾ ਮਾਤੋਂਡਕਰ ਇਸ ਤੋਂ ਪਹਿਲਾਂ ਰਾਜਨੀਤਿਕ ਪਾਰੀ ਖੇਡ ਚੁੱਕੀ ਹੈ। ਉਰਮਿਲਾ ਨੇ ਲੋਕ ਸਭਾ ਚੋਣਾਂ ਵੀ ਲੜੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਰਮਿਲਾ ਨੇ ਮੁੰਬਈ ਨੌਰਥ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਹਾਲਾਂਕਿ, ਉਰਮਿਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਭਾਜਪਾ ਦੇ ਗੋਪਾਲ ਸ਼ੈਟੀ ਤੋਂ ਹਾਰ ਗਈ ਸੀ।