ਕੈਨੇਡਾ 'ਚ ਸਾਰੇ ਕੇਂਦਰੀ ਤੇ ਸੂਬਾਈ ਵਰਕਰਾਂ ਲਈ ਵੈਕਸੀਨ ਲਾਜ਼ਮੀ ਕੀਤੀ ਗਈ ਹੈ। ਹਵਾ ਤੋਂ ਲੈ ਕੇ ਰੇਲ ਤੱਕ ਹਰ ਸਫਰ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਜ਼ਰੂਰੀ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਐਲਾਨ ਕੀਤਾ ਹੈ। 


 


ਜਸਟਿਨ ਟਰੂਡੋ ਨੇ ਕਿਹਾ, ਹੁਣ ਵੈਕਸੀਨ ਜ਼ਰੂਰੀ ਹੈ। ਅਕਤੂਬਰ ਦੇ ਅੰਤ ਤੱਕ ਫੈਡਰਲ ਮੁਲਾਜ਼ਮਾਂ ਨੂੰ ਵੈਕਸੀਨ ਜ਼ਰੂਰੀ ਹੈ। ਅਜਿਹਾ ਨਾ ਕਰਨ 'ਤੇ ਬਿਨ੍ਹਾਂ ਤਨਖ਼ਾਹ ਤੋਂ ਛੁੱਟੀ 'ਤੇ ਰਹਿਣਾ ਪਵੇਗਾ। 30 ਅਕਤੂਬਰ ਤੋਂ ਰੇਲ, ਹਵਾਈ ਜਾਂ ਮਰੀਨ ਵੈਸਲਜ਼ 'ਚ ਸਫ਼ਰ ਲਈ ਨਵੇਂ ਨਿਯਮ ਬਣਾਏ ਗਏ ਹਨ। ਯਾਤਰੀਆਂ ਲਈ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣਾ ਜ਼ਰੂਰੀ ਹੋਵੇਗਾ। ਵੈਕਸੀਨੇਸ਼ਨ ਦਰ 'ਚ ਵਾਧਾ ਲਿਆਉਣ ਲਈ ਇਹ ਸਰਕਾਰ ਦਾ ਫੈਸਲਾ ਹੈ। ਫੈਡਰਲ ਸਰਕਾਰ ਦੇ ਮੁਲਾਜ਼ਮਾਂ ਤੇ RCMP ਲਈ ਵੈਕਸੀਨ ਜ਼ਰੂਰੀ ਹੈ। 267,000 ਮੁਲਾਜ਼ਮਾਂ ਨੂੰ 29 ਅਕਤੂਬਰ ਤੱਕ ਵੈਕਸੀਨੇਸ਼ਨ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ। 


 


29 ਅਕਤੂਬਰ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੀ ਵੈਕਸੀਨੇਸ਼ਨ ਦੀ ਜਾਣਕਾਰੀ ਪ੍ਰਦਾਨ ਕਰਨਾ ਜ਼ਰੂਰੀ ਹੋਵੇਗਾ। ਸਫ਼ਾਈ ਕਰਮਚਾਰੀਆਂ ਵਰਗੇ ਫ਼ੈਡਰਲ ਕੰਟਰੈਕਟਰਾਂ ਨੂੰ ਵੀ ਇਸ ਨਵੀਂ ਪੌਲਿਸੀ ਦੇ ਤਹਿਤ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾਉਣਾ ਲਾਜ਼ਮੀ ਹੋ ਗਿਆ ਹੈ। ਬਿਨ੍ਹਾਂ ਵੈਕਸੀਨ ਵਾਲੇ ਮੁਲਾਜ਼ਮਾਂ ਨੂੰ ਕੰਮਕਾਜ ਦੀ ਥਾਂ 'ਤੇ ਆਉਣ ਦੀ ਇਜਾਜ਼ਤ ਨਾ ਹੋਣ ਦੇ ਨਾਲ ਨਾਲ ਘਰੋਂ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।


 


ਪਬਲਿਕ ਹੈਲਥ ਅਥੌਰਟੀਜ਼ ਵੱਲੋਂ ਵੈਕਸੀਨੇਸ਼ਨ ਦਰ 'ਚ ਵਾਧਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜੇ ਵੀ ਵੱਡੀ ਤਾਦਾਦ 'ਚ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਅਤੇ ਮੁਲਕ 'ਚ ਕੋਵਿਡ ਦੀ ਚੌਥੀ ਵੇਵ ਦਾ ਇਹ ਇੱਕ ਵੱਡਾ ਕਾਰਨ ਰਿਹਾ ਹੈ। ਕੋਵਿਡ ਦੇ ਤੇਜ਼ੀ ਨਾਲ ਫ਼ੈਲਣ ਵਾਲੇ ਡੈਲਟਾ ਵੇਰੀਐਂਟ ਦੇ ਮੱਦੇਨਜ਼ਰ ਹੁਣ ਵੱਧ ਤੋਂ ਵੱਧ ਲੋਕਾਂ ਦਾ ਵੈਕਸੀਨੇਟੇਡ ਹੋਣਾ ਹੋਰ ਵੀ ਜ਼ਰੂਰੀ ਮੰਨਿਆ ਜਾ ਰਿਹਾ ਹੈ। 88 ਫ਼ੀਸਦੀ ਯੋਗ ਕੈਨੇਡੀਅਨ ਆਬਾਦੀ, ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਪ੍ਰਾਪਤ ਕਰ ਚੁੱਕੀ ਹੈ।