ਨਵੀਂ ਦਿੱਲੀ: ਦੇਸ਼ ਭਰ ’ਚ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਾਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਨੇ ਕਿਹਾ ਹੈ ਕਿ ਉਹ 1 ਮਈ ਨੂੰ ਟੀਕਾਕਰਨ ਸ਼ੁਰੂ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਕੋਲ ਵਾਜਬ ਵੈਕਸੀਨ ਨਹੀਂ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਵੈਕਸੀਨ ਉਪਲਬਧ ਨਾ ਹੋਣ ਕਾਰਣ ਟੀਕਾਕਰਨ ਸੰਭਵ ਹੀ ਨਹੀਂ। ਸਥਿਤੀ ਬਹੁਤ ਸਪੱਸ਼ਟ ਹੈ। ਕੇਂਦਰ ਆਖ ਰਿਹਾ ਹੈ ਕਿ ਟੀਕਾਕਰਨ ਸਭਨਾਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਵੈਕਸੀਨ ਉਪਲਬਧ ਨਹੀਂ। ਫਿਰ ਪੂਰੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇੱਕ ਤਰ੍ਹਾਂ ਰਾਜਾਂ ਉੱਤੇ ਬੋਝ ਪਾਉਣ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਧਰ ਰਾਜਾਂ ਨੂੰ ਇਹੋ ਆਖਿਆ ਜਾ ਰਿਹਾ ਹੈ ਕਿ ਵੈਕਸੀਨ ਦੀ ਸਪਲਾਈ 15 ਮਈ ਤੋਂ ਬਾਅਦ ਹੀ ਸ਼ੁਰੂ ਹੋਵੇਗੀ।
ਕਾਂਗਰਸ ਦੀ ਹਕੂਮਤ ਵਾਲੇ ਰਾਜਸਥਾਨ ਦਾ ਕਹਿਣਾ ਹੈ ਕਿ ਸੀਰਮ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਨੇ ਉਸ ਨੂੰ ਦੱਸਿਆ ਹੈ ਕਿ ਉਹ 15 ਮਈ ਤੋਂ ਪਹਿਲਾਂ ਵੈਕਸੀਨ ਦੀ ਡੋਜ਼ ਦੀ ਸਪਲਾਈ ਨਹੀਂ ਕਰ ਸਕੇਗਾ। ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਸੁਆਲ ਕੀਤਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ 18 ਤੋਂ 45 ਸਾਲ ਤੱਕ ਦੀ ਉਮਰ ਦੇ 3.13 ਕਰੋੜ ਲੋਕ ਹੈ, ਉਨ੍ਹਾਂ ਦਾ ਟੀਕਾਕਰਨ ਕਿਵੇਂ ਹੋਵੇਗਾ?
ਰਘੂ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਰਾਜਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਸਪਲਾਈ ਲਈ ਆਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭੁਗਤਾਨ ਕਰਨ ਲਈ ਤਿਆਰ ਹਾਂ ਪਰ ਦਰਾਂ ਇੱਕ ਸਮਾਨ ਹੋਣੀਆਂ ਚਾਹੀਦੀਆਂ ਹਨ।
ਇੰਝ ਹੀ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਦੇਵ ਨੇ ਕਿਹਾ ਹੈ ਕਿ ਆਸਾਮ ਨੇ ਟੀਕਿਆਂ ਲਈ ਆਰਡਰ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵੈਕਸੀਨ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਮਿਲੇਗੀ। ਝਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਅਸੀਂ ਟੀਕਾਕਰਣ ਕਰਨਾ ਚਾਹੁੰਦੇ ਹਾਂ ਪਰ ਕੀ ਟੀਕੇ ਅਸੀਂ ਆਪਣੇ ਘਰਾਂ ’ਚ ਬਣਾਈਏ। ਇੰਝ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ 15 ਮਈ ਤੋਂ ਪਹਿਲਾਂ ਸ਼ੁਰੂ ਹੋਣ ਦੇ ਕੋਈ ਆਸਾਰ ਨਹੀਂ ਜਾਪਦੇ।