ਜਲੰਧਰ/ਨਵਾਂਸ਼ਹਿਰ/ਫਾਜ਼ਿਲਕਾ: ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਘਿਰਾਓ ਕਰ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਰੈਲੀਆਂ ਜਾਂ ਸਿਆਸੀ ਪ੍ਰੋਗਰਾਮ ਨਾ ਕੀਤੇ ਜਾਣ। ਬਾਵਜੂਦ ਇਸ ਦੇ ਸਿਆਸੀ ਲੀਡਰਾਂ ਵਲੋਂ ਪ੍ਰੋਗਰਾਮ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਵੱਖ-ਵੱਖ ਥਾਵਾਂ 'ਤੇ ਕਈ ਸਿਆਸੀ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਸੁਖਬੀਰ ਬਾਦਲ ਤੇ ਜੁੱਤੀ ਵੀ ਸੁੱਟੀ। ਦਰਅਸਲ, ਡੀਏਵੀ ਯੂਨੀਵਰਸਿਟੀ ਨੇੜੇ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ ਵਿੱਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਸੁਖਬੀਰ ਬਾਦਲ ਦੀ ਰੈਲੀ 'ਤੇ ਜੁੱਤੀ ਵੀ ਸੁੱਟੀ ਜਦੋਂ ਉਹ ਉੱਥੋਂ ਲੰਘੇ ਸੀ।
ਉਧਰ ਜ਼ਿਲ੍ਹਾ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਵੀ ਕਿਸਾਨਾਂ ਨੇ ਘੇਰਿਆ। ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਬਾਰੇ ਪੁੱਛਿਆ। ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੋਂ ਕਿਸਾਨਾਂ ਨੇ ਹਲਕੇ ਦੇ ਵਿਕਾਸ ਨੂੰ ਲੈ ਕੇ ਸਵਾਲ ਕੀਤੇ। ਕਿਸਾਨਾਂ ਨੇ ਕਿਹਾ ਕਿ ਸਾਡੇ ਪਿੰਡ ਦੀ ਸੜਕ ਪਿਛਲੇ ਕਈ ਸਾਲਾਂ ਤੋਂ ਨਹੀਂ ਬਣੀ। ਸੜਕ ਬਣਾਉਣ ਅਤੇ ਰੁਜ਼ਗਾਰ ਦੀ ਮੰਗ ਕਰਦੇ ਹੋਏ ਕਿਸਾਨਾਂ ਨੇ ਵਿਧਾਇਕ ਘੁਬਾਇਆ ਤੋਂ ਸਵਾਲ ਕੀਤੇ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਾਡੇ 'ਚ ਨਸ਼ੇ ਦੀ ਵਿਕਰੀ ਹੁੰਦੀ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ।
ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦੇਣ ਲਈ ਵਿਧਾਇਕ ਘੁਬਾਇਆ ਗੱਡੀ 'ਚੋਂ ਉਤਰੇ ਅਤੇ ਕਿਸਾਨਾਂ ਨਾਲ ਗਲ ਕੀਤੀ ਪਰ ਉਹ ਸਵਾਲਾਂ ਦਾ ਕੋਈ ਠੋਸ ਜਵਾਬ ਨਾ ਦੇ ਸਕੇ। ਸਵਾਲਾਂ ਤੋਂ ਬਚਦੇ ਹੋਏ ਘੁਬਾਇਆ ਨੇ ਉੱਥੋਂ ਜਾਣਾ ਹੀ ਮੁਨਾਸਿਬ ਸਮਝਿਆ। ਨਵਾਂਸ਼ਹਿਰ ਦੇ ਪਿੰਡ ਢਾਹਾ 'ਚ ਵੀ ਕਾਂਗਰਸੀ ਐਮਪੀ ਮੁਨੀਸ਼ ਤਿਵਾੜੀ ਦੇ ਪ੍ਰੋਗਰਾਮ 'ਚ ਬੰਗਾ ਦੇ ਸਾਬਕਾ ਕਾਂਗਰਸੀ ਐਮਐਲਏ ਤਰਲੋਚਨ ਸੂੰਢ ਦਾ ਲੋਕਾਂ ਨੇ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਮੁਰਦਾਬਾਦ ਦੇ ਨਾਅਰੇ ਲਗਾਏ।