ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਪ ਦੇ ਯੋਧਿਆਂ ਵੱਲੋਂ ਰੱਖੇ ਮਰਨ ਵਰਤ ਕਾਰਨ ਸਰਕਾਰ ਉੱਤੇ ਦਬਾਅ ਬਣਿਆ ਅਤੇ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ(ਵਜੀਫਾ) ਰਾਸ਼ੀ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਕਰਾਰ ਦਿੰਦਿਆਂ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਯੋਧਿਆਂ ਦੇ ਸੰਘਰਸ਼ ਅੱਗੇ ਗੋਡੇ ਟੇਕੇ ਹਨ।

 

ਕਾਂਗਰਸ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਖਿਲਾਫ ਧਰਨੇ 'ਤੇ ਬੈਠੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਆਗੂਆਂ ਦੀ ਭੁੱਖ ਹੜਤਾਲ ਖਤਮ ਕਰਾਉਣ ਲਈ ਸੂਬਾ ਪ੍ਰਧਾਨ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਪਹੁੰਚੇ ਸਨ। ਇਸ ਸਮੇਂ ਮਾਨ ਨੇ ਬੀਬਾ ਸਰਬਜੀਤ ਕੌਰ ਮਾਣੂੰਕੇ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਭੁੱਖ ਹੜਤਾਲ 'ਤੇ ਬੈਠੇ ਆਗੂਆਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ। 

 

ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਭ੍ਰਿਸ਼ਟਾਚਾਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ, ਜਿਸ ਨੇ ਇਸ ਸਕਾਲਰਸ਼ਿਪ 'ਚ  64 ਕਰੋੜ ਰੁਪਏ ਦਾ ਗਬਨ ਕਰ ਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਜੇ ਕੈਪਟਨ ਅਮਰਿੰਦਰ ਸਿੰਘ ਭ੍ਰਿਸਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਇੱਕ ਵੱਡਾ ਜਨ ਅੰਦੋਲਨ ਸ਼ੁਰੂ ਕਰੇਗੀ। 

 

ਮਾਨ ਨੇ ਕਿਹਾ ਪੰਜਾਬ ਸਰਕਾਰ ਦੀ ਨੀਅਤ ਮਾੜੀ ਹੈ, ਜਦਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਨੀਅਤ ਲੋਕ ਪੱਖੀ ਕਿਉਂਕਿ ਦਿੱਲੀ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦ ਕੇ ਲੋਕਾਂ ਮੁਫਤ ਵਿੱਚ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਲੋਕ ਵਿਰੋਧੀ ਫੈਸਲੇ ਕੀਤੇ ਹਨ ਅਤੇ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿੱਚ ਆਪਣੇ ਪੈਰਾਂ ਦੀਆਂ ਅੱਡੀਆਂ ਮਾਰ ਕੇ ਇਨਾਂ ਪਾਰਟੀਆਂ ਨੂੰ ਸਬਕ ਸਿਖਾਉਣਗੇ।

 

ਭਗਵੰਤ ਮਾਨ ਨੇ ਕਿਹਾ ਕਿ ਵਜੀਫਾ ਰਾਸ਼ੀ ਜਾਰੀ ਕਰਨ ਦੇ ਫੈਸਲੇ ਤੋਂ ਸਿੱਧ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਝੂਠ ਬੋਲ ਰਹੀ ਸੀ ਕਿ ਸਿਰਫ ਕੇਂਦਰ ਸਰਕਾਰ ਦੀ ਹੀ ਬਕਾਇਆ ਰਕਮ ਰਹਿੰਦੀ ਹੈ। ਜਦਕਿ ਹੁਣ ਸਰਕਾਰ ਨੇ ਆਪਣੇ ਹਿੱਸੇ ਦਾ 40 ਪ੍ਰਤੀਸ਼ਤ ਪੈਸਾ ਕਾਲਜਾਂ ਨੂੰ ਦੇਣਾ ਮੰਨਿਆ ਹੈ, ਜੋ ਕਰੀਬ 200 ਕਰੋੜ ਰੁਪਏ ਬਣਦਾ ਹੈ।