ਸੰਗਰੂਰ: ਜੋ ਕੰਮ ਪੰਜਾਬ ਪੁਲਿਸ ਨਹੀਂ ਕਰ ਸਕੀ, ਉਹ ਯੂਪੀ ਦੀ ਇੱਕ ਲੜਕੀ ਨੇ ਪੰਜਾਬ 'ਚ ਕਰ ਦਿਖਾਇਆ। ਉੱਤਰ ਪ੍ਰਦੇਸ਼ ਦੀ ਸ਼ਾਮਲੀ ਦੀ ਅੰਸ਼ੂ ਉਪਾਧਿਆਏ ਨੇ ਪਰਵਾਸ ਕਰ ਰਹੇ ਮਜ਼ਦੂਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਤੇ ਪੈਦਲ ਘਰ ਨਾ ਜਾਣ ਦੀ ਭਾਵੁਕ ਅਪੀਲ ਕੀਤੀ ਜਿਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।


ਵਰਕਰਾਂ ਨੂੰ ਰੋਕਣ ਲਈ ਲਹਿਰਾਗਾਗਾ ਪੁਲਿਸ ਦੀ ਇਸ ਵਿਲੱਖਣ ਪਹਿਲਕਦਮੀ ਵਜੋਂ ਐਸਡੀਐਮ ਕਾਲਾ ਰਾਮ ਤੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਅੰਸ਼ੂ ਉਪਾਧਿਆਏ ਨੂੰ ਇੱਕ ਦਿਨ ਲਈ ਹੌਲਦਾਰ ਬਣਾਇਆ। ਅੰਸ਼ੂ ਨੂੰ ਪੁਲਿਸ ਦੀ ਵਰਦੀ ਦਿੱਤੀ ਗਈ। ਪੁਲਿਸ ਵਰਦੀ ‘ਚ ਅੰਸ਼ੂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਾਜ਼ਾਰ ‘ਚ ਬਾਹਰਲੇ ਸੂਬਿਆਂ ਤੋਂ ਆਏ ਕਾਮਿਆਂ ਨੂੰ ਪੈਦਲ, ਸਾਈਕਲ ਜਾਂ ਕਿਸੇ ਹੋਰ ਢੰਗ ਨਾਲ ਆਪਣਾ ਖੇਤਰ ਨਾ ਛੱਡਣ ਦੀ ਅਪੀਲ ਕੀਤੀ।

ਅੰਸ਼ੂ ਨੇ ਕਿਹਾ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਯਾਤਰਾ ‘ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਸਰਕਾਰ ਨੇ ਸਾਰੇ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਬਜਾਏ ਦੁਬਾਰਾ ਆਪਣੇ ਕੰਮ ‘ਤੇ ਵਾਪਸ ਜਾਣਾ ਚਾਹੀਦਾ ਹੈ ਤੇ ਕੋਰੋਨਾ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ। ਜੇ ਕਿਸੇ ਐਮਰਜੈਂਸੀ ‘ਚ ਘਰ ਜਾਣਾ ਹੈ, ਤਾਂ ਸਰਕਾਰੀ ਬੱਸਾਂ ਤੇ ਰੇਲ ਗੱਡੀਆਂ ਦੀ ਵਰਤੋਂ ਕਰੋ।



24 ਸਾਲਾ ਅੰਸ਼ੂ ਉਪਾਧਿਆਏ, ਯੂਪੀ ਦੇ ਸ਼ਾਮਲੀ ਖੇਤਰ ਦੀ ਰਹਿਣ ਵਾਲੀ ਹੈ। ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਲਹਿਰਾਗਾਗਾ ਦੇ ਨੇੜਲੇ ਪਿੰਡ ਗਾਗਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਈ ਸੀ। ਕਰਫਿਊ ਕਾਰਨ ਅੰਸ਼ੂ ਉਪਾਧਿਆਏ ਆਪਣੇ ਰਿਸ਼ਤੇਦਾਰਾਂ ਕੋਲ ਫਸ ਗਈ। ਕੁਝ ਦਿਨ ਪਹਿਲਾਂ ਅੰਸ਼ੂ ਉਪਾਧਿਆਏ ਆਪਣੇ ਘਰ ਸ਼ਾਮਲੀ ਵਾਪਸ ਪਰਤਣ ਲਈ ਲਹਿਰਾਗਾਗਾ ਦੇ ਐਸਡੀਐਮ ਕਾਲਾ ਰਾਮ ਕੋਲ ਗਈ।

ਜਦੋਂ ਐਸਡੀਐਮ ਨੇ ਉਸ ਨੂੰ ਵਾਪਸ ਪਰਤਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਰੋਨਾ ਪੀਰੀਅਡ ਦੀ ਅਜਿਹੀ ਸਥਿਤੀ ਵਿੱਚ ਉਹ ਇੱਥੋਂ ਵਾਪਸ ਨਹੀਂ ਜਾਣਾ ਚਾਹੁੰਦੀ, ਪਰ ਪੈਦਲ ਘਰ ਪਰਤ ਰਹੇ ਮਜ਼ਦੂਰਾਂ ਦੀ ਮੁਸੀਬਤ ਵੇਖ ਕੇ ਬਹੁਤ ਦੁਖੀ ਹੈ। ਉਨ੍ਹਾਂ ਨੂੰ ਰੋਕਣ ਲਈ ਕੁਝ ਕਰਨਾ ਚਾਹੁੰਦੀ ਹੈ। ਇਸ ਨਾਲ ਐਸਡੀਐਮ ਦੇ ਦਿਮਾਗ ‘ਚ ਇਸ ਵਿਲੱਖਣ ਪਹਿਲਕਦਮੀ ਦਾ ਵਿਚਾਰ ਆਇਆ ਤੇ ਉਨ੍ਹਾਂ ਅੰਸ਼ੂ ਅਜਿਹਾ ਸਭ ਕਰਨ ਲਈ ਕਿਹਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ