ਜੇਐਨਯੂ ਹਮਲੇ ਬਾਰੇ ਵੱਡਾ ਖੁਲਾਸਾ, ਹਿੰਦੂ ਰੱਖਿਆ ਦਲ ਦਾ ਦਾਅਵਾ, ‘ਅਸੀਂ ਕਰਵਾਇਆ ਹਮਲਾ, ਅੱਗੇ ਵੀ ਕਰਾਂਗੇ’
ਏਬੀਪੀ ਸਾਂਝਾ | 07 Jan 2020 11:52 AM (IST)
ਹਿੰਦੂ ਰੱਖਿਆ ਦਲ ਅਖਵਾਉਣ ਵਾਲੀ ਸੰਸਥਾ ਨੇ ਜੇਐਨਯੂ ‘ਚ ਵਿਦਿਆਰਥੀਆਂ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਦੇ ਪ੍ਰਧਾਨ ਪਿੰਕੀ ਚੌਧਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਜੇਐਨਯੂ ‘ਚ ਹੋਈ ਹਿੰਸਾ ਦੀ ਜ਼ਿੰਮੇਵਾਰੀ ਲੈ ਰਹੇ ਹਨ।
ਨਵੀਂ ਦਿੱਲੀ: ਹਿੰਦੂ ਰੱਖਿਆ ਦਲ ਅਖਵਾਉਣ ਵਾਲੀ ਸੰਸਥਾ ਨੇ ਜੇਐਨਯੂ ‘ਚ ਵਿਦਿਆਰਥੀਆਂ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਦੇ ਪ੍ਰਧਾਨ ਪਿੰਕੀ ਚੌਧਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਜੇਐਨਯੂ ‘ਚ ਹੋਈ ਹਿੰਸਾ ਦੀ ਜ਼ਿੰਮੇਵਾਰੀ ਲੈ ਰਹੇ ਹਨ। ਵਾਇਰਲ ਵੀਡੀਓ ਵਿੱਚ ਪਿੰਕੀ ਚੌਧਰੀ ਨੇ ਜੇਐਨਯੂ ‘ਚ ਦੇਸ਼ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਚੌਧਰੀ ਨੇ ਧਮਕੀ ਵੀ ਦਿੱਤੀ ਹੈ ਕਿ ਉਹ ਅੱਗੇ ਵੀ ਅਜਿਹਾ ਕਰਨਗੇ। ਜਦਕਿ, ਹੁਣ ਤੱਕ ਇਹ ਸਿਰਫ ਹਿੰਦੂ ਰੱਖਿਆ ਦਲ ਦਾ ਦਾਅਵਾ ਹੈ। ਪੁਲਿਸ ਨੂੰ ਇਸ ਮਾਮਲੇ ‘ਚ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ। ਪਿੰਕੀ ਚੌਧਰੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ‘ਤੇ ਪੱਥਰ ਸੁੱਟਣ ਦੇ ਇਲਜ਼ਾਮ ‘ਚ ਜੇਲ੍ਹ ਜਾ ਚੁੱਕਿਆ ਹੈ। ਹਿੰਦੂ ਰੱਖਿਆ ਦਲ ਦੀ ਪਿੰਕੀ ਚੌਧਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਸ਼ੇਅਰ ਕੀਤੀ ਹੈ। ਉਧਰ ਏਬੀਵੀਪੀ ਦੀ ਜੇਐਨਯੂ ਇਕਾਈ ਦੇ ਸੈਕਟਰੀ ਮਨੀਸ਼ ਜੰਗੀਦ ਨੇ ਇਲਜ਼ਾਮ ਲਾਇਆ ਕਿ, “ਖੱਬੇ ਪੱਖੀ ਕਾਰਕੁਨਾਂ ਨੇ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ।” ਉਸ ਨੇ ਇਹ ਵੀ ਦਾਅਵਾ ਕੀਤਾ ਕਿ ਨਕਾਬਪੋਸ਼ ਹਮਲਾਵਰਾਂ ਦੀ ਅਗਵਾਈ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਆਸ਼ੀ ਘੋਸ਼ ਨੇ ਕੀਤੀ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਜੇਐਨਯੂ ਕੈਂਪਸ 'ਚ ਦੰਗਿਆਂ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਦੇ ਨਾਲ ਹੀ ਜੇਐਨਯੂ ਕੈਂਪਸ ਬਾਹਰ ਸੁਰੱਖਿਆ ਕਰਮਚਾਰੀਆਂ ਤਾਇਨਾਤ ਕੀਤੇ ਗਏ ਹਨ।