ਰੂਪਨਗਰ: ਹੋਲੇ ਮਹੱਲੇ ਮੌਕੇ ਪੰਜਾਬ ਸਣੇ ਦੇਸ਼ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਵਿਰਾਸਤ-ਏ-ਖਾਲਸਾ ਵਿਖੇ ਆਉਂਦੀਆਂ ਹਨ। ਇਸ ਦਰਮਿਆਨ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੇ ਹੁਕਮਾਂ ਅਨੁਸਾਰ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਅੱਜ ਤੋਂ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਸਵਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਸਵੇਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਬਰਕਰਾਰ ਹੈ।

 

ਇਸ ਵਾਰ ਹੋਲੇ ਮਹੱਲੇ ਮੌਕੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ ਨੂੰ ਸੰਗਤਾਂ ਵਾਸਤੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਖੋਲਣ ਦੀ ਬਜਾਏ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲਣ ਦੇ ਫੈਸਲੇ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਰੱਖਣ ਲਈ ਵੀ ਜ਼ਰੂਰੀ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਕੀਤੇ ਗਏ ਹਨ। 

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਵੱਲੋਂ ਇਹ ਹਿਦਾਇਤ ਕੀਤੀ ਗਈ ਸੀ ਕਿ ਹੋਲੇ ਮਹੱਲੇ ਮੌਕੇ ਵੱਧ ਤੋਂ ਵੱਧ ਸੰਗਤ ਨੂੰ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਵਾਉਣ ਲਈ ਸਮਾਂ ਵਧਾਇਆ ਜਾਵੇ। ਜਦਕਿ ਇਸ ਦੇ ਨਾਲ ਹੀ ਵਿਰਾਸਤ-ਏ-ਖਾਲਸਾ ਅੰਦਰ ਦਾਖਲ ਹੋਣ ਵਾਲੇ ਹਰ ਸ਼ਰਧਾਲੂ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ ਤੇ ਹੱਥ ਸੈਨੇਟਾਈਜ਼ ਕਰਨ ਦੇ ਲਈ ਥਾਂ-ਥਾਂ 'ਤੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। 

 

ਇਹੀ ਨਹੀਂ ਵਿਰਾਸਤ-ਏ-ਖਾਲਸਾ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਤੈਨਾਤ ਸਟਾਫ ਵੱਲੋਂ ਵੀ ਸ਼ਰਧਾਲੂਆਂ ਨੂੰ ਥਾਂ ਥਾਂ 'ਤੇ ਗਾਈਡ ਕਰਦੇ ਹੋਏ ਕੋਵਿਡ-19 ਦੀਆਂ ਸਾਵਧਾਨੀਆਂ ਦਾ ਪਾਲਣ ਕਰਵਾਇਆ ਜਾ ਰਿਹਾ ਹੈ। ਵਿਰਾਸਤ-ਏ-ਖਾਲਸਾ ਵੇਖਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਤੇ ਸੁਰੱਖਿਆ ਦੇ ਲਿਹਾਜ਼ ਨਾਲ ਜਿੱਥੇ ਵਿਰਾਸਤ-ਏ-ਖਾਲਸਾ ਅੰਦਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਉੱਥੇ ਹੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਡਿਸਪੈਂਸਰੀ ਅਤੇ ਪੰਜਾਬ ਪੁਲਿਸ ਵੱਲੋਂ 24 ਘੰਟੇ ਵਾਸਤੇ ਪੁਲਿਸ ਦਾ ਇੰਤਜ਼ਾਮ ਕੀਤਾ ਗਿਆ ਹੈ।