ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਕਈ ਦਿਨਾਂ ਤੋਂ ਅਜੇ ਵੀ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਪੰਜ ਦਿਨਾਂ ਬੁਲੇਟਿਨ ਜਾਰੀ ਕਰਕੇ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਂਵਾਂ 'ਤੇ ਭਾਰੀ ਬਾਰਸ਼ ਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉੜੀਸਾ ਦੇ ਇਲਾਕਿਆਂ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਗਰਜ ਤੇ ਤੇਜ਼ ਹਵਾ ਦੇ ਨਾਲ ਹਨੇਰੀ ਦੀ ਉਮੀਦ:
ਦੱਸਿਆ ਗਿਆ ਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ, ਝਾਰਖੰਡ, ਬਿਹਾਰ ਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਵੀ ਤੂਫਾਨ ਦੇ ਨਾਲ ਵੱਖ-ਵੱਖ ਥਾਂਵਾਂ 'ਤੇ ਗੜ੍ਹੇ ਪੈਣ ਦੀ ਉਮੀਦ ਹੈ।
ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਠੰਢ ਜਾਣ ਦਾ ਨਾਂ ਨਹੀਂ ਲੈ ਰਹੀ। ਬੁੱਧਵਾਰ ਤੋਂ ਇੱਥੇ ਬਾਰਸ਼ ਤੇ ਬਰਫਬਾਰੀ ਜਾਰੀ ਹੈ, ਜਿੱਥੇ ਵੀਰਵਾਰ ਨੂੰ ਸਥਿਤੀ ਪਹਿਲਾਂ ਵਰਗੀ ਹੀ ਹੈ। ਰੋਹਤਾਂਗ ਰਾਹ 'ਤੇ ਦੋ ਫੁੱਟ ਤਾਜ਼ਾ ਬਰਫਬਾਰੀ ਦੇਖਣ ਨੂੰ ਮਿਲੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖ਼ਰਾਬ ਮੌਸਮ ਕਰਕੇ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਇਸ ਦੇ ਨਾਲ ਹੀ ਬੇਮੌਸਮੀ ਬਾਰਸ਼ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਕਣਕ ਦੀ ਫਸਲ ਦਾ ਨੁਕਸਾਨ ਹੋਵੇਗਾ। ਬੁੱਧਵਾਰ ਨੂੰ ਮੌਸਮ ਸਾਫ਼ ਰਿਹਾ, ਪਰ ਅਚਾਨਕ ਮੌਸਮ ਬਦਲ ਗਿਆ ਤੇ ਰਾਤ ਨੂੰ ਤੇਜ਼ ਬਾਰਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜ ਕਾਰਨ ਬਾਰਸ਼ ਹੋ ਰਹੀ ਹੈ। ਅਗਲੇ 24 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 13 ਮਾਰਚ ਤੱਕ ਮੌਸਮ ਖ਼ਰਾਬ ਰਹੇਗਾ।