ਸੰਗਰੂਰ: ਪੰਜਾਬ ਸਰਕਾਰ ਆਉਣ ਵਾਲੇ ਦਿਨਾਂ 'ਚ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਸੰਗਰੂਰ ਵਿਖੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਧਾਨ ਸਭਾ ਦਾ ਪੇਸ਼ ਹੋਣ ਵਾਲਾ ਬਜਟ ਸੈਸ਼ਨ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਲਿਜਾਣ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਸੈਸ਼ਨਾਂ ਵਾਂਗ ਇਸ ਸੈਸ਼ਨ ਦੌਰਾਨ ਵੀ ਪੰਜਾਬ ਸਰਕਾਰ ਦੀ ਇਹੋ ਕੋਸ਼ਿਸ਼ ਹੋਵੇਗੀ ਕਿ ਲੋਕਾਂ ਨੂੰ ਬੇਹਤਰੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।


 


ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਸ ਬਜਟ ਸੈਸ਼ਨ ਵਿੱਚ ਇਹ ਖਾਸ ਹੋਵੇਗਾ ਕਿ ਸਕੂਲੀ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਦੇਣ ਲਈ ਜ਼ਿਲ੍ਹਾ ਪੱਧਰ 'ਤੇ ਸੈਂਟਰ ਵਿਕਸਤ ਕੀਤੇ ਜਾਣਗੇ। ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ। ਜਦਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਅੜੀਅਲ ਰਵੱਈਏ ਨੂੰ ਤਿਆਗਣਾ ਨਹੀਂ ਚਾਹੁੰਦੀ।


 


ਉਨ੍ਹਾਂ ਕਿਹਾ ਕਿ ਦੇਸ਼ ਦੇ ਦੋ ਸੌ ਦੇ ਕਰੀਬ ਕਿਸਾਨਾਂ ਦੀ ਇਸ ਅੰਦੋਲਨ ਦੇ ਚੱਲਦਿਆਂ ਸ਼ਹਾਦਤ ਹੋ ਚੁੱਕੀ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ। ਪੰਜਾਬ ਵਿੱਚ ਕੋਵਿਡ ਦੇ ਕੇਸਾਂ ਵਿੱਚ ਹੋਏ ਵਾਧੇ ਬਾਰੇ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਆਉਣ ਵਾਲੇ ਵੈਕਸੀਨ ਫੇਜ਼ 'ਚ ਅਧਿਆਪਕਾਂ ਨੂੰ ਇਹ ਵੈਕਸੀਨ ਲਗਾਈ ਜਾਵੇ।