ਮਹਿਤਾਬ-ਉਦ-ਦੀਨਚੰਡੀਗੜ੍ਹ: ਭਾਰਤ ’ਚ ਕੋਵਿਡ-19 ਦੇ ਵੱਖੋ-ਵੱਖਰੇ ਵੇਰੀਐਂਟ ਸਾਹਮਣੇ ਆਉਣ ਤੇ ਉਸ ਕਾਰਨ ਨਵੇਂ ਕੇਸਾਂ ਦੀ ਗਿਣਤੀ ਅਚਾਨਕ ਬਹੁਤ ਜ਼ਿਆਦਾ ਵਧ ਜਾਣ ਕਰਕੇ ਕੈਨੇਡਾ ਸਰਕਾਰ ਨੇ ਲੰਘੀ 22 ਅਪ੍ਰੈਲ ਨੂੰ ਭਾਰਤੀਆਂ ਦੀ ਆਮਦ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ। ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਹਾਲੇ ਇਹ ਪਾਬੰਦੀ ਬੀਤੇ ਦਿਨੀਂ ਇੱਕ ਹੋਰ ਮਹੀਨੇ ਭਾਵ 31 ਜੁਲਾਈ, 2021 ਤੱਕ ਲਈ ਅੱਗੇ ਵਧਾ ਦਿੱਤੀ ਹੈ। ਇਸ ਪਾਬੰਦੀ ਕਾਰਣ ਹਜ਼ਾਰਾਂ ਪੰਜਾਬੀ ਭਾਰਤ ਤੇ ਕੈਨੇਡਾ ਦੋਵੇਂ ਪਾਸੇ ਫਸ ਕੇ ਰਹਿ ਗਏ ਹਨ ਕਿਉਂਕਿ ਉਹ ਕੋਵਿਡ-19 ਦੀਆਂ ਪਾਬੰਦੀਆਂ ਕਾਰਣ ਯਾਤਰਾ ਨਹੀਂ ਕਰ ਸਕਦੇ। ਸਾਰੀਆਂ ਉਡਾਣਾਂ ਬੰਦ ਹਨ।   ਸਿਰਫ਼ ਕੁਝ ਖ਼ਾਸ ਉਡਾਣਾਂ ਕੈਨੇਡਾ ਦੇ ਨਾਗਰਿਕਾਂ ਨੂੰ ਲਿਆਉਣ ਤੇ ਲਿਜਾਣ ਲਈ ਹੀ ਚੱਲ ਰਹੀਆਂ ਹਨ। ਜੇ ਕੈਨੇਡਾ ਦਾ ਕੋਈ ਨਾਗਰਿਕ ਹੈ ਭਾਵ ਜਿਸ ਕੋਲ ਕੈਨੇਡੀਅਨ ਪਾਸਪੋਰਟ ਹੈ, ਸਿਰਫ਼ ਉਹੀ ਭਾਰਤ ਤੋਂ ਕੈਨੇਡਾ ਜਾ ਸਕਦਾ ਹੈ। ਬਾਕੀਆਂ ਨੂੰ ਇਹ ਪਾਬੰਦੀਆਂ ਹਟਣ ਦੀ ਉਡੀਕ ਕਰਨੀ ਪਵੇਗੀ। ਇਸੇ ਲਈ ਹੁਣ ਸਭ, ਖ਼ਾਸ ਕਰਕੇ ਭਾਰਤੀਆਂ ਦੇ ਮਨਾਂ ’ਚ ਇਹ ਵੱਡਾ ਸੁਆਲ ਹੈ ਕਿ ਆਖ਼ਰ ਕੈਨੇਡਾ ਸਰਕਾਰ ਭਾਰਤੀਆਂ ਤੋਂ ‘ਟ੍ਰੈਵਲ ਬੈਨ’ ਕਦੋਂ ਹਟਾਏਗੀ। ਸੀਆਈਸੀ ਨੇ ਮੋਹਾਨਦ ਮੋਏਤਾਜ਼ ਦੀ ਰਿਪੋਰਟ ਰਾਹੀਂ ਇਸ ਸੁਆਲ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ।   ਕੈਨੇਡਾ ਸਰਕਾਰ ਨੇ ਉਂਝ ਬੀਤੇ ਦਿਨੀਂ ਕੁਆਰੰਟੀਨ ਦੀਆਂ ਸ਼ਰਤਾਂ ਵਿੱਚ ਕੁਝ ਨਰਮੀ ਕੀਤੀ ਹੈ। ਆਉਂਦੀ ਪੰਜ ਜੁਲਾਈ ਤੋਂ ਜਿਹੜੇ ਲੋਕਾਂ ਦੇ ਕੋਰੋਨਾਵਾਇਰਸ ਮਹਾਮਾਰੀ ਦੀ ਰੋਕ ਲਈ ਵੈਕਸੀਨ ਲੱਗ ਚੁੱਕੀ ਹੈ, ਉਹ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ। ਫਿਰ ਵੀ ਉਨ੍ਹਾਂ ਨੂੰ ਯਾਤਰਾ ਤੋਂ ਪਹਿਲਾਂ ਕੋਵਿਡ ਟੈਸਟ ਜ਼ਰੂਰ ਕਰਵਾਉਣਾ ਹੋਵੇਗਾ। ਅਜਿਹੇ ਵੈਕਸੀਨੇਟਡ ਯਾਤਰੀਆਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੋਟਲ ਵਿੱਚ ਵੀ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਉਹ ਕੁਆਰੰਟੀਨ ’ਚ ਵੀ ਨਹੀਂ ਰਹਿਣਗੇ।   ਕੈਨੇਡੀਅਨ ਨਾਗਰਿਕਾਂ ਤੋਂ ਇਲਾਵਾ ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਵੈਧ COPR ਧਾਰਕ, ਕੁਝ ਅਸਥਾਈ ਵਿਦੇਸ਼ੀ ਕਰਮਚਾਰੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾਨ ਵਿੱਚ ਦਾਖ਼ਲਾ ਲਿਆ ਹੈ, ਉਹ ਵੀ ਕੈਨੇਡਾ ਆ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਪੜਾਅਵਾਰ ਢੰਗ ਨਾਲ ਯਾਤਰਾ ਦੀਆਂ ਪਾਬੰਦੀਆਂ ਹਟਾਉਣ ਦੇ ਸੰਕੇਤ ਵੀ ਦੇ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ੁਦ ਆਖਿਆ ਸੀ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਹੋਰ ਪਾਬੰਦੀਆਂ ਹਟਾਈਆਂ ਜਾਣਗੀਆਂ।   ਅਜਿਹੇ ਸੰਕੇਤ ਵੀ ਮਿਲੇ ਸਨ ਕਿ ਕੋਰੋਨਾ ਵਾਇਰਸ ਮਹਾਮਾਰੀ ਟੀਕਾਕਰਣ ਦੇ ਆਧਾਰ ਉੱਤੇ ਪਾਬੰਦੀਆਂ ਹਟਾਈਆਂ ਜਾਣਗੀਆਂ। ਜਿੰਨਾ ਜ਼ਿਆਦਾ ਲੋਕਾਂ ਦਾ ਟੀਕਾਕਰਣ ਹੁੰਦਾ ਚਲਾ ਜਾਵੇਗਾ, ਉਵੇਂ ਹੀ ਪਾਬੰਦੀਆਂ ਵੀ ਹਟਦੀਆਂ ਜਾਣਗੀਆਂ। ਕੈਨੇਡਾ ਸਰਕਾਰ ਪਹਿਲਾਂ ਆਖ ਚੁੱਕੀ ਹੈ ਕਿ ਇਸ ਵਰ੍ਹੇ 4 ਲੱਖ ਇੱਕ ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਟਸ ਦਾ ਦਰਜਾ ਦਿੱਤਾ ਜਾਵੇਗਾ; ਇਨ੍ਹਾਂ ਵਿੱਚੋਂ 20 ਫ਼ੀਸਦੀ ਭਾਰਤੀ ਮੂਲ ਦੇ ਹੋਣਗੇ।