ਜੇਨੇਵਾ: ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੇ 'ਚ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ਚ ਮੁੜ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਸਕਦੇ ਹਨ।


WHO ਮੁਤਾਬਕ ਵਾਇਰਸ ਨੂੰ ਰੋਕਣ ਲਈ ਜੋ ਉਪਾਅ ਵਰਤੇ ਗਏ, ਉਨ੍ਹਾਂ ਨੂੰ ਜਲਦ ਹਟਾਉਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਇਨ੍ਹਾਂ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵਧ ਸਕਦਾ ਹੈ। ਕੌਮਾਂਤਰੀ ਸੰਸਥਾ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਇਕ ਰੇਆਨ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਆਲਮੀ ਤੌਰ 'ਤੇ ਅਸੀਂ ਪਹਿਲੀ ਵੇਵ ਵਿੱਚ ਹਾਂ।

ਉਨ੍ਹਾਂ ਦੱਸਿਆ ਕਿ ਬਿਮਾਰੀ ਅਜੇ ਵਧ ਹੀ ਰਹੀ ਹੈ ਤੇ ਅਜਿਹੀ ਮਹਾਮਾਰੀ ਅਕਸਰ ਲਹਿਰਾਂ ਵਾਂਗ ਆਉਂਦੀ ਹੈ। ਯਾਨੀ ਉਨ੍ਹਾਂ ਥਾਵਾਂ 'ਤੇ ਕੋਰੋਨਾ ਦੀ ਲਾਗ ਵਿਸਫੋਟਕ ਸਥਿਤੀ ਨਾਲ ਫੈਲ ਸਕਦੀ ਹੈ, ਜਿੱਥੇ ਮਾਮਲੇ ਘੱਟ ਹੋ ਗਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟ ਕੀਤੀ ਕਿ ਜਿਵੇਂ ਲਾਗ ਨੂੰ ਰੋਕਣ ਲਈ ਲਾਈਆਂ ਰੋਕਾਂ ਢਿੱਲੀਆਂ ਕੀਤੀਆਂ ਜਾ ਰਹੀਆਂ ਹਨ, ਇਸ ਨਾਲ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।