ਨੀਮਚ: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿੱਚ, ਅੱਠ ਜਣਿਆਂ ਨੇ 40 ਸਾਲਾ ਵਿਅਕਤੀ ਦੀ ਕੁੱਟਮਾਰ ਕੀਤੀ, ਉਸ ਨੂੰ ਗੱਡੀ ਦੇ ਪਿਛਲੇ ਪਾਸੇ ਰੱਸੀ ਨਾਲ ਬੰਨ੍ਹ ਦਿੱਤਾ ਤੇ ਕੁਝ ਦੂਰੀ ਤੱਕ ਘਸੀਟ ਕੇ ਲੈ ਗਏ। ਬਾਅਦ ਵਿੱਚ ਪੀੜਤ ਕਬਾਇਲੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


 

ਪੀੜਤ ਦੀ ਪਛਾਣ ਕਨ੍ਹਈਆਲਾਲ ਭੀਲ ਵਜੋਂ ਹੋਈ ਹੈ, ਜਿਸ ਦੀ ਸ਼ੁੱਕਰਵਾਰ ਨੂੰ ਨੀਮਚ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਘਟਨਾ ਵੀਰਵਾਰ ਸਵੇਰੇ ਪੀੜਤ ਅਤੇ ਇੱਕ ਸਾਈਕਲ ਸਵਾਰ ਦੁੱਧ ਵਾਲੇ ਦੇ ਵਿਚਕਾਰ ਹੋਏ ਇੱਕ ਛੋਟੇ ਜਿਹੇ ਸੜਕ ਹਾਦਸੇ ਤੋਂ ਬਾਅਦ ਵਾਪਰੀ।

 

ਐਸਪੀ ਸੂਰਜ ਕੁਮਾਰ ਵਰਮਾ ਨੇ ਦੱਸਿਆ ਕਿ ਜ਼ਿਲ੍ਹਾ ਹੈਡਕੁਆਰਟਰ ਤੋਂ ਕਰੀਬ 84 ਕਿਲੋਮੀਟਰ ਦੂਰ ਨੀਮਚ-ਸਿੰਗੌਲੀ ਸੜਕ 'ਤੇ ਖੜ੍ਹੇ ਬਾਣਦਾ ਪਿੰਡ ਦੇ ਪੀੜਤ ਕਨ੍ਹਈਆਲਾਲ ਭੀਲ ਨੂੰ ਦੁੱਧ ਵਾਲੇ ਛਤਰਮਲ ਗੁਰਜਰ ਨੇ ਸਾਈਕਲ ਨਾਲ ਟੱਕਰ ਮਾਰ ਦਿੱਤੀ।

 

ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਗੁਰਜਰ ਨੂੰ ਗੁੱਸਾ ਆ ਗਿਆ ਅਤੇ ਸੜਕ 'ਤੇ ਦੁੱਧ ਡੁੱਲ੍ਹਣ 'ਤੇ ਭੀਲ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਗੁਰਜਰ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਭੀਲ ਨੂੰ ਦੁਬਾਰਾ ਕੁੱਟਿਆ ਅਤੇ ਭੀਲ ਨੂੰ ਲੰਘ ਰਹੀ ਗੱਡੀ ਦੇ ਪਿੱਛੇ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਕੁਝ ਦੂਰੀ ਤੱਕ ਘਸੀਟ ਕੇ ਲੈ ਗਿਆ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ, ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕਾ ਸੀ। ਪੀੜਤ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।

 

ਪੰਜ ਮੁਲਜ਼ਮਾਂ ਦੀ ਪਛਾਣ

ਆਈਪੀਸੀ ਦੀ ਧਾਰਾ 302 (ਕਤਲ), ਆਈਪੀਸੀ ਦੀਆਂ ਹੋਰ ਸੰਬੰਧਤ ਧਾਰਾਵਾਂ ਅਤੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕੂ) ਐਕਟ ਦੇ ਤਹਿਤ ਅੱਠ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਛਿਤਰਮਲ ਗੁਰਜਰ (32), ਮਹਿੰਦਰ ਗੁਰਜਰ (40), ਗੋਪਾਲ ਗੁਰਜਰ (40), ਲੋਕੇਸ਼ ਬਲਾਈ (21) ਅਤੇ ਲਕਸ਼ਮਣ ਗੁਰਜਰ ਵਜੋਂ ਹੋਈ ਹੈ। ਬਾਕੀਆਂ ਦੀ ਭਾਲ ਲਈ ਯਤਨ ਜਾਰੀ ਹਨ। ਅਪਰਾਧ ਨੂੰ ਅੰਜਾਮ ਦੇਣ ਲਈ ਕਥਿਤ ਤੌਰ 'ਤੇ ਵਰਤੀ ਗਈ ਸਾਈਕਲ, ਦੋ ਚੌਪਹੀਆ ਵਾਹਨ ਅਤੇ ਨਾਈਲੋਨ ਦੀ ਰੱਸੀ ਜ਼ਬਤ ਕਰ ਲਈ ਗਈ ਹੈ।

 

 

ਇਸ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਟਵੀਟ ਕੀਤਾ, 'ਸਤਨਾ, ਇੰਦੌਰ, ਦੇਵਾਸ ਅਤੇ ਹੁਣ ਨੀਮਚ ਵਿੱਚ ਅਣਮਨੁੱਖੀ ਘਟਨਾਵਾਂ। ਪੂਰੇ ਰਾਜ ਵਿੱਚ ਅਰਾਜਕਤਾ ਦਾ ਮਾਹੌਲ ਹੈ, ਲੋਕ ਨਿਡਰ ਹੋ ਕੇ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਕਾਨੂੰਨ ਦਾ ਕੋਈ ਡਰ ਨਹੀਂ, ਸਰਕਾਰ ਨਾਂ ਦੀ ਚੀਜ਼ ਕਿਤੇ ਨਜ਼ਰ ਨਹੀਂ ਆ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।