ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਬੇਬਾਕ ਤਰੀਕੇ ਨਾਲ ਹਰ ਪੱਖ ਸਾਹਮਣੇ ਰੱਖਿਆ। ਉਨ੍ਹਾਂ ਪੰਜਾਬ ਦੇ ਸਿਸਟਮ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਸਿਸਟਮ ਨੇ ਆਪਣੇ ਆਪ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਖੁਦ ਸਿਸਟਮ ਨੂੰ ਠੁਕਰਾ ਦਿੱਤਾ।



ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਕਿ "17 ਸਾਲਾਂ ਤੋਂ ਮੈਂ ਲੋਕ ਸਭਾ, ਰਾਜ ਸਭਾ, ਵਿਧਾਇਕ, ਮੰਤਰੀ ਦੇ ਅਹੁਦੇ ‘ਤੇ ਰਿਹਾ ਹਾਂ ਪਰ ਸਿਰਫ ਇੱਕ ਉਦੇਸ਼ ਨਾਲ ਰਿਹਾ ਹਾਂ। ਮੈਂ ਪੰਜਾਬ ਦਾ ਸਿਸਟਮ ਬਦਲਾਂ ਤੇ ਲੋਕਾਂ ਦੇ ਹੱਥਾਂ ਵਿੱਚ ਸੱਤਾ ਵਾਪਸ ਦੇਵਾਂ। ਉਨ੍ਹਾਂ ਕਿਹਾ ਕਿ ਜਦੋਂ ਸਿਸਟਮ ਨੇ ਸੁਧਾਰਾਂ ਦੀ ਹਰ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਤਾਂ ਮੈਂ ਇਸ ਸਿਸਟਮ ਨੂੰ ਹੀ ਠੁਕਰਾ ਦਿੱਤਾ। ਭਾਵੇਂ ਮੈਨੂੰ ਕੈਬਨਿਟ ਲਈ ਆਫਰ ਮਿਲਦੇ ਰਹਿਣ। ਨਵਜੋਤ ਸਿੱਧੂ ਨੇ ਇਸ ਟਵੀਟ ਨਾਲ ਇੱਕ ਇੰਟਰਵਿਊ ਦਾ ਹਿੱਸਾ ਸਾਂਝਾ ਕੀਤਾ ਹੈ।

ਪੰਜਾਬ ਵਿੱਚ ਡਿਪਟੀ ਮੁੱਖ ਮੰਤਰੀ ਜਾਂ ਸੂਬਾ ਕਾਂਗਰਸ ਪ੍ਰਧਾਨ ਬਣਨ ਦੀਆਂ ਸੰਭਾਵਨਾਵਾਂ ਬਾਰੇ ਸਿੱਧੂ ਨੇ ਕਿਹਾ ਕਿ ਇਹ ਲੋਕ ਤੁਹਾਨੂੰ ਸ਼ਾਂਤੀ ਨਾਲ ਕੰਮ ਨਹੀਂ ਕਰਨ ਦੇ ਸਕਦੇ। ਮੈਂ ਅਜਿਹੀਆਂ ਸਾਰੀਆਂ ਪੇਸ਼ਕਸ਼ਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਪਣੇ ਬਾਗੀ ਰਵੱਈਏ 'ਤੇ ਸਿੱਧੂ ਨੇ ਕਿਹਾ ਕਿ ਜੇ ਸਿਸਟਮ ਲੋਕਾਂ ਦੇ ਭਲੇ ਲਈ ਕੀਤੀਆਂ ਜਾਂਦੀਆਂ ਮੇਰੀਆਂ ਮੰਗਾਂ ਨੂੰ ਰੱਦ ਕਰ ਦੇਵੇਗਾ ਤਾਂ ਮੈਂ ਅਜਿਹੇ ਸਿਸਟਮ ਨੂੰ ਰੱਦ ਕਰਦਾ ਹਾਂ।

ਸਿੱਧੂ ਨੇ ਕਿਹਾ, ‘ਮੇਰੇ ਰਾਜਨੀਤਕ ਕੈਰੀਅਰ ਦਾ ਉਦੇਸ਼ ਇਸ ਦੇ ਸਿਸਟਮ ਵਿੱਚ ਤਬਦੀਲੀ ਲਿਆਉਣਾ ਹੈ। ਪੰਜਾਬ ਨੂੰ ਕੰਟਰੋਲ ਕਰਨ ਵਾਲੇ ਦੋ ਸ਼ਕਤੀਸ਼ਾਲੀ ਪਰਿਵਾਰਾਂ ਦੁਆਰਾ ਇਹ ਸਿਸਟਮ ਚਲਾਇਆ ਜਾਂਦਾ ਹੈ। ਅਜਿਹੇ ਪਰਿਵਾਰ, ਜੋ ਸਿਰਫ ਆਪਣੇ ਹਿੱਤਾਂ ਦੀ ਪੂਰਤੀ ਲਈ ਵਿਧਾਨ ਸਭਾ ਨੂੰ ਬਦਨਾਮ ਕਰ ਰਹੇ ਹਨ, ਰਾਜ ਦੇ ਹਿੱਤਾਂ ਨੂੰ ਦਾਅ 'ਤੇ ਲਾ ਰਹੇ ਹਨ। ਉਨ੍ਹਾਂ ਨੇ ਸਭ ਕੁਝ ਕਾਬੂ ਕਰ ਲਿਆ ਹੈ। ਇਹ ਲੋਕ ਇੱਕ-ਦੂਜੇ ਨੂੰ ਬਚਾਉਂਦੇ ਹਨ। ਮੇਰੀ ਲੜਾਈ ਇਸ ਸਿਸਟਮ ਦੇ ਵਿਰੁੱਧ ਹੈ।

ਨਵਜੋਤ ਸਿੱਧੂ ਨੇ ਕਿਹਾ, ਪ੍ਰਸ਼ਾਂਤ ਕਿਸ਼ੋਰ 60 ਵਾਰ ਮੈਨੂੰ ਮਿਲੇ ਸਨ, ਫਿਰ ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰਾ ਝੁਕਾਅ ਪੰਜਾਬ ਵੱਲ ਸੀ। ਮੈਂ 56 ਵਿਧਾਨ ਸਭਾ ਸੀਟਾਂ ਲਈ ਚੋਣ ਪ੍ਰਚਾਰ ਕੀਤਾ, ਪਾਰਟੀ ਨੇ ਉਨ੍ਹਾਂ ਵਿੱਚੋਂ 54 ਜਿੱਤੀਆਂ। ਪੰਜਾਬ ਵਿੱਚ ਤਿੰਨ ਨਦੀਆਂ ਹਨ ਪਰ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਵਿੱਚ ਰੇਤ ਦੀ ਨਿਲਾਮੀ ਤੋਂ ਸਿਰਫ 10 ਕਰੋੜ ਰੁਪਏ ਇਕੱਠੇ ਕੀਤੇ। ਇਹ ਪੈਸਾ ਕਿੱਥੇ ਜਾ ਰਿਹਾ ਹੈ? ਮੈਂ ਉਨ੍ਹਾਂ ਨੂੰ (ਕਾਂਗਰਸ ਸਰਕਾਰ) ਕਿਹਾ ਕਿ ਤੁਸੀਂ ਰੇਤ ਦੀ ਕੀਮਤ ਤੈਅ ਕਰੋ ਤੇ ਇਸ ਨੂੰ ਸਰਕਾਰੀ ਰੇਟ 'ਤੇ ਵੇਚੋ ਪਰ ਇਸ ਸਿਸਟਮ ਨੇ 'ਨਾ' ਕਹਿ ਦਿੱਤਾ।

ਇਹ ਪੁੱਛੇ ਜਾਣ 'ਤੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰਤ ਬਿਆਨ 'ਚ ਕਿਹਾ ਸੀ ਕਿ ਸਿੱਧੂ ਉਪ ਮੁੱਖ ਮੰਤਰੀ ਗ੍ਰਹਿ ਵਿਭਾਗ ਚਾਹੁੰਦੇ ਹਨ, ਤਾਂ ਸਿੱਧੂ ਨੇ ਕਿਹਾ, "ਉਹ ਹਰ ਰੋਜ਼ ਝੂਠ ਬੋਲਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਮੇਰੀਆਂ ਮੁਲਾਕਾਤਾਂ ਬਾਰੇ ਵੀ ਕੁਝ ਕਿਹਾ। ਕੀ ਉਨ੍ਹਾਂ ਇਹ ਸਾਬਤ ਕੀਤਾ? ਉਹ ਕੀ ਬਕਵਾਸ ਕਰ ਰਹੇ ਹਨ। ਮੁੱਦਿਆਂ ਬਾਰੇ ਗੱਲ ਕਰੋ। ਉਹ ਕੁਰਬਾਨੀਆਂ, ਕਰਜ਼ਾ ਮੁਆਫੀ, ਵ੍ਹਾਈਟ ਪੇਪਰ ਵਰਗੇ ਮੁੱਦਿਆਂ ਤੋਂ ਕਿਉਂ ਪਰਹੇਜ਼ ਕਰ ਰਹੇ ਹਨ। ਤੁਸੀਂ ਨਸ਼ਿਆਂ ਦੇ ਮੁੱਦੇ 'ਤੇ ਕੀ ਕੀਤਾ? ਆਪਣਾ ਰਿਪੋਰਟ ਕਾਰਡ ਦਿਓ।'