ਚੰਡੀਗੜ੍ਹ: ਨਵਜੋਤ ਸਿੱਧੂ ਦੀ ਹੋਣ ਵਾਲੀ ਤਾਜਪੋਸ਼ੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ। ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਹੈ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਂਝ ਅਜੇ ਤੱਕ ਕੈਪਟਨ ਧੜੇ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਹੋ ਰਿਹਾ ਹੈ। ਇਸ ਬਾਰੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੀ ਡਿਊਟੀ ਕੁਲਜੀਤ ਸਿੰਘ ਨਾਗਰਾ ਦੀ ਲੱਗੀ ਸੀ। ਨਾਗਰਾ ਨੇ ਕਿਹਾ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਬਾਕੀ ਦੇ ਕਾਂਗਰਸੀ ਲੀਡਰ ਵੀ ਸਮਾਗਮ 'ਚ ਆਉਣਗੇ।
ਦੱਸ ਦਈਏ ਕਿ ਕਰੀਬ 62 ਵਿਧਾਇਕਾਂ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਜਪੋਸ਼ੀ ਸਮਾਗਮ ਦਾ ਸੱਦਾ ਪੱਤਰ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ। ਵਿਧਾਇਕਾਂ ਵੱਲੋਂ ਪਾਸ ਕੀਤੇ ਗਏ ਲਿਖਤੀ ਮਤੇ ਵਿੱਚ ਕਿਹਾ ਗਿਆ ਸੀ ਕਿ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਬਣਾਏ ਗਏ ਹਨ। ਹਾਈਕਮਾਨ ਦੇ ਫੈਸਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਇਨ੍ਹਾਂ ਸਭਨਾਂ ਨੂੰ ਅਸ਼ੀਰਵਾਦ ਦੇਣ ਲਈ ਸਮਾਗਮ ’ਚ ਸ਼ਮੂਲੀਅਤ ਕਰਨ।
ਯਾਦ ਰਹੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ 23 ਜੁਲਾਈ ਨੂੰ ਸਵੇਰੇ 11 ਵਜੇ ਤਾਜਪੋਸ਼ੀ ਸਮਾਗਮ ਹੋਵੇਗਾ। ਇਸ ਸਮਾਰੋਹ ਦੌਰਾਨ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜ਼ੀਆਂ ਤੇ ਪਵਨ ਗਰਗ ਆਪੋ-ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਰੋਹ ਵਿੱਚ ਹਾਜ਼ਰ ਹੋਣਗੇ। ਚਰਚਾ ਹੈ ਕਿ ਰਾਵਤ ਖੁਦ ਮੁੱਖ ਮੰਤਰੀ ਨੂੰ ਸਮਾਰੋਹ ਵਿਚ ਲਿਆ ਸਕਦੇ ਹਨ।
ਸੂਤਰਾਂ ਅਨੁਸਾਰ ਤਾਜਪੋਸ਼ੀ ਸਮਾਗਮਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਜਿੰਨਾ ਚਿਰ ਨਵਜੋਤ ਸਿੱਧੂ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ। ਇਸ ਵੇਲੇ ਹਰ ਪਾਸੇ ਇਹੀ ਚਰਚਾ ਹੈ ਕਿ ਮੁੱਖ ਮੰਤਰੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।