ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਵੈਨਕੂਵਰ ਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਉੱਠ ਰਹੀ ਹੈ। ਹੁਣ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਮੌਕੇ ਇਹ ਮੰਗ ਇੱਕ ਫਿਰ ਉਭਾਰੀ ਗਈ ਹੈ। ਕੈਨੇਡਾ ਦੇ ਪੰਜਾਬੀ ਭਾਈਚਾਰੇ, ਗੈਰ ਸਰਕਾਰੀ ਸੰਗਠਨਾਂ ਨੇ ਅੰਮ੍ਰਿਤਸਰ ਤੋਂ ਵੈਨਕੂਵਰ ਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਹਰ ਸਾਲ ਪੰਜਾਬ ਤੇ ਕੈਨੇਡਾ ਦਰਮਿਆਨ ਯਾਤਰਾਂ ਕਰਨ ਵਾਲੇ ਲੱਖਾਂ ਯਾਤਰੀਆਂ ਨੂੰ ਬਹੁਤ ਹੀ ਸਹੂਲਤ ਹੋਵੇਗੀ।


 


ਇਸ ਇਤਿਹਾਸਕ ਗੁਰਪੂਰਬ ਦੀ ਸ਼ਤਾਬਦੀ ਮੌਕੇ ਅੰਮ੍ਰਿਤਸਰ ਨਾਲ ਸਿੱਧੇ ਸੰਪਰਕ ਦੀ ਮੰਗ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਤੇ ਕੈਨੇਡਾ ਤੋਂ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਤੇ ਫਲਾਈ ਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੈਨੇਡਾ ਤੇ ਪੰਜਾਬ ਦੇ ਲੱਖਾਂ ਪੰਜਾਬੀ ਇਨ੍ਹਾਂ ਸਿੱਧੀਆਂ ਉਡਾਣਾਂ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ।ਗੁਮਟਾਲਾ ਨੇ ਕਿਹਾ ਕਿ 400ਵੇਂ ਪ੍ਰਕਾਸ਼ ਪੂਰਬ ਸ਼ਤਾਬਦੀ ਸਮਾਗਮਾਂ ਦਾ ਮੁੱਖ ਕੇਂਦਰ ਅੰਮ੍ਰਿਤਸਰ ਹੋਵੇਗਾ।


 


ਇਸ ਸਬੰਧੀ ਭਾਰਤ ਅਤੇ ਪੰਜਾਬ ਸਰਕਾਰ, ਨੇ ਦੇਸ਼ ਵਿਦੇਸ਼ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਹੈ। ਵਿਦੇਸ਼ ਤੋਂ ਵੀ ਲੱਖਾਂ ਸ਼ਰਧਾਲੂਆਂ ਵੱਲੋਂ ਵੀ ਸਾਲ ਭਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਲਈ ਅੰਮ੍ਰਿਤਸਰ ਦੀ ਯਾਤਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਟੋਰਾਂਟੋ, ਬਰੈਮਟਨ, ਮਿਸੀਸਾਗਾ, ਵੈਨਕੂਵਰ, ਸਰੀ, ਐਬਟਸਫੋਰਡ, ਕੈਲਗਰੀ, ਐਡਮਿੰਟਨ, ਵਿਨੀਪੈਗ ਤੇ ਹੋਰਨਾਂ ਹਲਕਿਆਂ ਦੇ ਸੰਸਦੀ ਮੈਂਬਰਾਂ, ਮੰਤਰੀਆਂ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਲਿਖਤੀ ਨੁਮਾਇੰਦਗੀ ਭੇਜੀ ਹੈ। ਪਿਛਲੇ ਸਾਲ ਮਾਰਚ 2020 ਵਿੱਚ ਹਜ਼ਾਰਾਂ ਕੈਨੇਡੀਅਨ ਪਰਿਵਾਰ ਮਹਾਂਮਾਰੀ ਨਾਲ ਸਬੰਧਤ ਹਵਾਈ ਯਾਤਰਾ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਫਸ ਗਏ ਸਨ ਜਿਸ 'ਚ ਸਭ ਤੋਂ ਵੱਧ, 40000 ਦੇ ਕਰੀਬ ਪੰਜਾਬ 'ਚ ਸਨ।


 


ਉਸ ਸਮੇਂ ਵੀ ਇਨ੍ਹਾਂ ਹਜ਼ਾਰਾਂ  ਫਸੇ ਹੋਏ ਪੰਜਾਬੀਆਂ ਦੀ ਕੈਨੇਡਾ ਸਰਕਾਰ ਤੋਂ ਇਹੀ ਮੰਗ ਸੀ ਕਿ ਉਨ੍ਹਾਂ ਨੂੰ ਦਿੱਲੀ ਦੀ ਬਜਾਏ ਅੰਮ੍ਰਿਤਸਰ ਤੋਂ ਉਡਾਣਾਂ 'ਤੇ ਵਾਪਸ ਕੈਨੇਡਾ ਲਿਜਾਇਆ ਜਾਵੇ। ਢਿੱਲੋਂ ਦਾ ਕਹਿਣਾ ਹੈ ਕਿ ਇਸ ਮੁਕੰਮਲ ਤਾਲਾਬੰਦੀ ਦੌਰਾਨ, ਅਪ੍ਰੈਲ-ਮਈ ਦੇ ਮਹੀਨੇ ਵਿੱਚ, ਕਤਰ ਏਅਰਵੇਜ਼ ਅਤੇ ਏਅਰ ਇੰਡੀਆ ਵੱਲੋਂ ਸੰਚਾਲਤ 25 ਤੋਂ ਵੱਧ ਵਿਸ਼ੇਸ਼ ਉਡਾਣਾਂ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 7500 ਤੋਂ ਵੀ ਵੱਧ ਕੈਨੇਡੀਅਨ ਆਪਣੇ ਘਰ ਪਹੁੰਚੇ। ਇਸ ਲਈ ਉਨ੍ਹਾਂ ਨੂੰ ਇਕ ਪਾਸੇ ਦੀ ਹਵਾਈ ਉਡਾਣ ਲਈ 2800 ਤੋਂ 3500 ਡਾਲਰ ਵੀ ਖਰਚਣੇ ਪਏ।


 


ਇਨ੍ਹਾਂ ਹਜ਼ਾਰਾਂ ਯਾਤਰੀਆਂ ਦੇ ਕਿਰਾਏ ਦਾ ਕੁਲ ਜੋੜ ਲਗਭਗ 26 ਮਿਲੀਅਨ ਕੈਨੇਡੀਅਨ ਡਾਲਰ ਜਾਂ 140 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਸਾਬਤ ਹੋ ਗਿਆ ਕਿ ਪੰਜਾਬੀ, ਦਿੱਲੀ ਦੀ ਬਜਾਏ ਅੰਮ੍ਰਿਤਸਰ ਨੂੰ ਤਰਜੀਹ ਦਿੰਦੇ ਹਨ ਤੇ ਜੇਕਰ ਪੰਜਾਬੀਆਂ ਨੂੰ ਸਿੱਧੀਆਂ ਅੰਮ੍ਰਿਤਸਰ ਤੋਂ ਉਡਾਣਾਂ ਮਿਲਣ ਤਾਂ ਉਹ ਵੱਧ ਕਿਰਾਇਆ ਦੇਣ ਲਈ ਵੀ ਤਿਆਰ ਹਨ। ਇਸ ਲਈ ਏਅਰਲਾਈਨਾਂ ਵਾਸਤੇ ਇਹ ਮੁਨਾਫੇ ਵਾਲਾ ਰੂਟ ਹੋ ਸਕਦਾ ਹੈ।