ਵਾਸ਼ਿੰਗਟਨ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੱਲ੍ਹ ਸੰਯੁਕਤ ਰਾਸ਼ਟਰ ਦੀ ਮਹਾਂਸਭਾ 'ਚ ਦਿੱਤੇ ਭਾਸ਼ਣ 'ਚ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਦੀ ਪੋਲ ਖੋਲ੍ਹੀ ਸੀ, ਹੁਣ ਇਸ 'ਤੇ ਅਮਰੀਕਾ ਦੀ ਪ੍ਰਤੀਕ੍ਰਿਆ ਆਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸਿਰਫ ਬਿਆਨਬਾਜ਼ੀ ਨਾਲ ਨਹੀਂ ਸਗੋਂ ਗੱਲਬਾਤ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਦਾ ਹੱਲ ਨਿਕਲੇਗਾ।

ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਪਰ ਜ਼ਰੂਰਤ ਹੈ ਕਿ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਖਿਲਾਫ ਵੀ ਕਾਰਵਾਈ ਕਰੇ ਜਿਹੜੇ ਗਆਂਢੀ ਮੁਲਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਮਰੀਕਾ ਦੇ ਇਸ ਬਿਆਨ 'ਚ ਪਾਕਿਸਤਾਨ ਨੂੰ ਸਾਫ ਇਸ਼ਾਰਾ ਕੀਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ 'ਤੇ ਉਨ੍ਹਾਂ ਅੱਤਵਾਦੀ ਜਥੇਬੰਦੀਆਂ 'ਤੇ ਲਗਾਮ ਲਾਏ ਜਿਹੜੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਇਸ ਬਿਆਨ 'ਚ ਭਾਰਤ ਦੇ ਉਸ ਦਰਦ ਨੂੰ ਸਮਝਿਆ ਗਿਆ ਹੈ ਕਿ ਗਵਾਂਢੀ ਦੇਸ਼ ਪਾਕਿਸਤਾਨ ਉਨ੍ਹਾਂ ਅੱਤਵਾਦੀਆਂ ਖਿਲਾਫ ਕਾਰਵਾਈ ਨਹੀਂ ਕਰ ਰਿਹਾ ਹੈ ਜਿਹੜਾ ਭਾਰਤ 'ਚ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਹਨ।

ਸੁਸ਼ਮਾ ਸਵਰਾਜ ਨੇ ਕੱਲ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਨੂੰ ਘੇਰਿਆ ਸੀ। ਸੁਸ਼ਮਾ ਨੇ ਕਿਹਾ ਸੀ,"ਅਸੀਂ ਸ਼ਰਤਾਂ ਨਾਲ ਨਹੀਂ ਦੋਸਤੀ ਨਾਲ ਪਾਕਿਸਤਾਨ ਵੱਲ ਹੱਥ ਵਧਾਇਆ ਹੈ। ਅਸੀਂ ਦੋ ਸਾਲ 'ਚ ਮਿੱਤਰਤਾ ਦਾ ਜਿਹੜਾ ਪੈਮਾਨਾ ਤੈਅ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਸੀ ਪਰ ਸਾਨੂੰ ਇਸ ਦੇ ਬਦਲੇ ਕੀ ਮਿਲਿਆ। ਪਠਾਨਕੋਟ, ਉੜੀ ਬਹਾਦਰ ਅਲੀ।" ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ 'ਚ ਨਵਾਜ਼ ਸ਼ਰੀਫ ਨੂੰ ਬੁਲਾਇਆ ਸੀ। ਸ਼ਰੀਫ ਦੇ ਜਨਮ ਦਿਨ 'ਤੇ ਮੋਦੀ ਲਹੌਰ ਵੀ ਗਏ, ਪਰ ਬਦਲੇ 'ਚ ਸਾਨੂੰ ਪਠਾਨਕੋਟ, ਉੜੀ ਤੇ ਬਹਾਦਰ ਅਲੀ ਮਿਲਿਆ। ਬਹਾਦਰ ਅਲੀ ਸਰਹੱਦ ਪਾਰ ਤੋਂ ਆਇਆ ਅੱਤਵਾਦੀ ਹੈ, ਜਿਹੜਾ ਭਾਰਤ ਦੀ ਗ੍ਰਿਫਤ 'ਚ ਹੈ।