ਦੁਬਈ: ਭਾਰਤ ਵੱਲੋਂ ਕੋਵਿਡ-19 ਕਾਰਨ ਐਲਾਨੇ ਗਏ ਲੌਕਡਾਊਨ ਕਰਕੇ ਪਿਛਲੇ 21 ਦਿਨਾਂ ਤੋਂ ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ 19 ਭਾਰਤੀ ਫਸੇ ਹੋਏ ਹਨ। ਮੀਡੀਆ ਰਿਪੋਰਟ ਅਨੁਸਾਰ ਇਹ ਭਾਰਤੀ ਅੱਕ ਗਏ ਹਨ ਤੇ ਘਰ ਵਾਪਸੀ ਲਈ ਬੇਸਬਰ ਹਨ। ਇਨ੍ਹਾਂ ਲੋਕਾਂ ਵਿੱਚੋਂ ਜ਼ਿਆਦਾਤਰ ਹੋਰ ਮੁਲਕਾਂ ਤੋਂ ਪਰਤ ਰਹੇ ਸਨ ਤੇ ਦੁਬਈ ਤੋਂ ਇਨ੍ਹਾਂ ਨੇ ਉਡਾਣਾਂ ਬਦਲਣੀਆਂ ਸਨ ਪਰ ਇਸੇ ਦੌਰਾਨ ਭਾਰਤ ਨੇ ਲੌਕਡਾਊਨ ਐਲਾਨ ਦਿੱਤਾ ਤੇ ਭਾਰਤ ਅੰਦਰ ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ।


ਉਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕੁਝ ਦਿਨਾਂ ਲਈ ਹਵਾਈ ਅੱਡੇ ਦੇ ਬੈਂਚਾਂ ’ਤੇ ਹੀ ਡੇਰੇ ਲਾ ਲਏ। ਇਨ੍ਹਾਂ ਦੇ 21 ਮਾਰਚ ਨੂੰ ਕੋਵਿਡ-19 ਲਈ ਟੈਸਟ ਹੋਏ ਤੇ ਸਾਰੇ ਨੈਗੇਟਿਵ ਪਾਏ ਗਏ। ਇਨ੍ਹਾਂ ਨੂੰ 25 ਮਾਰਚ ਨੂੰ ਦੁਬਈ ਕੌਮਾਂਤਰੀ ਹਵਾਈ ਅੱਡੇ ਦੇ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਵੇਲੇ ਇਹ ਸਾਰੇ ਭਾਰਤੀ ਹਵਾਈ ਅੱਡੇ ਦੇ ਹੋਟਲ ਵਿੱਚ ਠਹਿਰੇ ਹੋਏ ਹਨ।

ਇਨ੍ਹਾਂ ਭਾਰਤੀਆਂ ਵਿੱਚੋਂ ਇੱਕ ਵਿਅਕਤੀ ਦਾ ਨਾਂ ਅਰੁਣ ਸਿੰਘ ਹੈ, ਜੋ 37 ਵਰ੍ਹਿਆਂ ਦਾ ਹੈ। ਉਸ ਦੀ 22 ਮਾਰਚ ਨੂੰ ਸਵੇਰੇ 4 ਵਜੇ ਵਾਲੀ ਉਡਾਣ ਸੀ, ਜੋ ਰੱਦ ਹੋ ਗਈ। ਯੂਏਈ ਬੈਂਕ ਦੇ ਮੁਲਾਜ਼ਮ ਸਿੰਘ ਨੇ ਕਿਹਾ, ‘‘ਇਹ ਬਹੁਤ ਬਦਕਿਸਮਤੀ ਹੈ ਕਿ ਹੁਣ ਮੈਂ ਪੂਰੇ ਦਿਨ ਦਾ ਜ਼ਿਆਦਾਤਰ ਸਮਾਂ ਸੌਂ ਕੇ ਗੁਜ਼ਾਰਦਾ ਹੈ। ਮੈਂ ਜਦੋਂ ਦਾ ਇੱਥੇ ਫਸਿਆ ਹਾਂ ਉਦੋਂ ਦਾ ਕੇਵਲ ਖਾ ਤੇ ਸੌਂ ਰਿਹਾ ਹਾਂ। ਭਾਵੇਂ ਮੈਨੂੰ ਇੱਥੇ (ਹੋਟਲ ਵਿੱਚ) ਕੋਈ ਤਕਲੀਫ ਨਹੀਂ ਹੈ ਪਰ ਮੈਂ ਘਰ ਜਾਣਾ ਚਾਹੁੰਦਾ ਹਾਂ।’’

ਇਸੇ ਤਰ੍ਹਾਂ 18 ਮਾਰਚ ਤੋਂ ਫਸੇ ਦੀਪਕ ਗੁਪਤਾ ਨੇ ਕਿਹਾ ਕਿ ਉਸ ਨੂੰ ਨਵੀਂ ਦਿੱਲੀ ਵਿੱਚ ਆਪਣੀ ਗਰਭਵਤੀ ਪਤਨੀ ਦੀ ਚਿੰਤਾ ਹੈ। ਉਹ ਯੂਰਪ ਤੋਂ ਆਇਆ ਸੀ।