ਮੈਨੀਟੋਬਾ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੀਹਰੇ ਕਤਲ ਕਾਂਡ ਵਿੱਚ ਲੋੜੀਂਦੇ ਪੋਰਟ ਐਲਬਰਨੀ ਇਲਾਕੇ ਦੇ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਤਕਰੀਬਨ 1,800 ਕਿਲੋਮੀਟਰ ਦੂਰ ਮੈਨੀਟੋਬਾ ਸੂਬੇ 'ਚੋਂ ਲੰਘਦੇ ਨੈਲਸਨ ਦਰਿਆ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਬ੍ਰਾਇਰ ਸ਼ਮੈਗਲਸਕੀ (18) ਤੇ ਕੈਮ ਮੈਕਲਿਓਡ (19) ਵਜੋਂ ਹੋਈ ਹੈ।




ਕਰੀਬ ਚਾਰ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਸੀ ਕਿ ਤੀਹਰੇ ਕਤਲ ਕਾਂਡ ਮਾਮਲੇ ਵਿੱਚ ਲੋੜੀਂਦੇ ਸ਼ੱਕੀਆਂ ਦੀ ਭਾਲ ਲਈ ਜਾਂਚ ਦਾ ਘੇਰਾ ਉੱਤਰੀ ਮੈਨੀਟੋਬਾ ਦੇ ਨੈਲਸਨ ਦਰਿਆ ਤਕ ਜਾ ਪਹੁੰਚਿਆ ਹੈ। RCMP ਨੂੰ ਕਰੀਬ 2 ਹਫਤੇ ਪਹਿਲਾਂ ਜਿੱਥੋਂ ਦੋਵਾਂ ਸ਼ੱਕੀਆਂ ਨਾਲ ਸਬੰਧਤ ਗੱਡੀ ਸੜੀ ਹੋਈ ਮਿਲੀ ਸੀ।



ਇਸ ਮਗਰੋਂ ਪੁਲਿਸ ਨੂੰ ਦਰਿਆ ਕੰਢੇ ਨੁਕਸਾਨੀ ਹੋਈ ਕਿਸ਼ਤੀ ਮਿਲੀ, ਜਿਸ ਕਾਰਨ ਗੋਤਾਖੋਰਾਂ ਨੂੰ ਸੱਦਿਆ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰਵਾਈ ਗਈ। ਮੈਨੀਟੋਬਾ RCMP ਦੇ ਮਾਹਰਾਂ ਦੀ ਮਦਦ ਨਾਲ ਗਿਲਮ ਦੇ ਉੱਤਰ-ਪੂਰਬ 'ਚੋਂ ਲੰਘਦੇ ਦਰਿਆ ਵਿੱਚ ਤਲਾਸ਼ੀ ਸ਼ੁਰੂ ਕੀਤੀ ਗਈ।



ਪੁਲਿਸ ਨੂੰ ਇੱਥੋਂ ਤਕਰੀਬਨ ਅੱਠ ਕਿਲੋਮੀਟਰ ਦੂਰ 'ਤੇ ਦਰਿਆ ਕੰਢੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ। ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਦੀਆਂ ਲਾਸ਼ਾਂ ਨੂੰ ਬੁੱਧਵਾਰ ਨੂੰ ਹੀ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਔਂਟੈਰੀਓ ਸੂਬਾਈ ਪੁਲਿਸ ਨੂੰ ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਨੂੰ ਲੈ ਕੇ ਕੋਈ ਨਾ ਕੋਈ ਸੂਚਨਾ ਲੋਕਾਂ ਵੱਲੋਂ ਲਗਾਤਾਰ ਮਿਲ ਰਹੀ ਸੀ, ਪਰ ਇਨ੍ਹਾਂ ਵਿੱਚੋਂ ਕੋਈ ਵੀ ਜਾਣਕਾਰੀ ਪੁਖਤਾ ਸਾਬਤ ਨਹੀਂ ਹੋਈ ਸੀ।

ਕੀ ਹੈ ਪੂਰਾ ਮਾਮਲਾ-



ਦਰਅਸਲ, ਕੁਝ ਸਮਾਂ ਪਹਿਲਾਂ ਅਮਰੀਕੀ ਮਹਿਲਾ ਚਾਈਨਾ ਡੀਜ਼ ਤੇ ਉਸ ਦੇ ਆਸਟ੍ਰੇਲੀਆਈ ਮੂਲ ਦੇ ਪ੍ਰੇਮੀ ਲੁਕਾਸ ਫਾਊਲਰ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਤੋਂ ਕਰੀਬ 470km ਦੀ ਦੂਰ ਉਨ੍ਹਾਂ ਦੇ ਜਾਣਕਾਰ ਤੇ UBC ਵਿੱਚ ਸੈਸ਼ਨਲ ਲੈਕਚਰਾਰ, ਲੀਓਨਾਰਡ ਡਿਕ ਨੂੰ ਵੀ ਡੀਜ਼ ਲੇਕ ਕੋਲ ਮ੍ਰਿਤ ਪਾਇਆ ਗਿਆ।



ਇਸ ਤੀਹਰੇ ਕਤਲ ਕਾਂਡ ਵਿੱਚ ਪੁਲਿਸ ਨੂੰ ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਦੀ ਭਾਲ ਸੀ। ਹੁਣ ਇਹ ਪੂਰਾ ਮਾਮਲਾ 5 ਮੌਤਾਂ ਵਿੱਚ ਤਬਦੀਲ ਹੋ ਗਿਆ ਹੈ ਤੇ ਸ਼ੱਕੀਆਂ ਦੀ ਮੌਤ ਨਾਲ ਮਾਮਲੇ ਦੀ ਜਾਂਚ ਵੀ ਖ਼ਤਰੇ ਵਿੱਚ ਪੈ ਗਈ ਹੈ।