ਨਵੀਂ ਦਿੱਲੀ : ਈਰਾਨ 'ਚ ਹਿਜਾਬ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਹਦੀਸ ਨਜਫੀ (Hadis Najafi) ਨੂੰ ਤਹਿਰਾਨ ਨੇੜੇ ਕਾਰਜ਼ ਸ਼ਹਿਰ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਭੂਰੇ ਵਾਲਾਂ ਵਾਲੀ ਹਦੀਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ 'ਚ ਉਹ ਇਕ ਪ੍ਰਦਰਸ਼ਨ ਦੌਰਾਨ ਬਿਨਾਂ ਹਿਜਾਬ ਦੇ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਪਹੁੰਚੀ ਸੀ। ਇਸ ਤੋਂ ਬਾਅਦ ਉਹ ਆਪਣੇ ਵਾਲਾਂ ਨੂੰ ਰਬੜ ਬੈਂਡ ਨਾਲ ਬੰਨ੍ਹ ਰਹੀ ਸੀ।


ਸੋਸ਼ਲ ਮੀਡੀਆ 'ਤੇ ਹੋਈ ਸੀ ਵਾਇਰਲ 


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਈਰਾਨ 'ਚ ਹਿਜਾਬ ਨਾ ਪਾਉਣ 'ਤੇ ਮਾਸ਼ਾ ਅਮੀਨੀ ਦੀ ਕੁੱਟਮਾਰ ਕੀਤੀ ਗਈ ਸੀ। ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਇਰਾਨ ਵਿੱਚ ਔਰਤਾਂ ਹਿਜਾਬ ਦੇ ਖਿਲਾਫ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਅਜਿਹੇ ਹੀ ਇੱਕ ਪ੍ਰਦਰਸ਼ਨ ਦੌਰਾਨ ਨਫਾਜੀ ਆਪਣੇ ਖੁੱਲ੍ਹੇ ਵਾਲਾਂ ਨਾਲ ਪੁਲਿਸ ਦੇ ਸਾਹਮਣੇ ਪਹੁੰਚ ਗਈ ਸੀ। ਉਨ੍ਹਾਂ ਦਾ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। 


ਦੱਸ ਦੇਈਏ ਕਿ ਈਰਾਨ ਵਿੱਚ ਸਾਰੀਆਂ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ, ਚਾਹੇ ਉਹ ਕੋਈ ਵੀ ਧਰਮ ਹੋਵੇ। ਇਸ ਕਾਰਨ ਈਰਾਨ ਦੀ ਪੁਲਿਸ ਉੱਥੇ ਔਰਤਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਪੁਲਿਸ ਦੀ ਸਖ਼ਤੀ ਕਾਰਨ ਅਮੀਨੀ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਜਿੱਥੇ ਪੂਰੇ ਈਰਾਨ 'ਚ ਹਿਜਾਬ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਈਰਾਨ ਦੀਆਂ ਸੜਕਾਂ 'ਤੇ ਵੱਡੀ ਗਿਣਤੀ 'ਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿੱਚ ਔਰਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਪੂਰੀ ਦੁਨੀਆ 'ਚ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।


ਹੁਣ ਤੱਕ ਕਈ ਲੋਕਾਂ ਦੀ ਹੋ ਚੁੱਕੀ ਮੌਤ


ਇਸ ਦੌਰਾਨ ਸ਼ਨੀਵਾਰ ਨੂੰ ਰਾਜ ਦੇ ਮੀਡੀਆ ਵਿੱਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਰਾਨ ਵਿੱਚ ਹਿਜਾਬ ਦੇ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਬੜੀ ਬੇਰਹਿਮੀ ਨਾਲ ਕੁਚਲਿਆ ਜਾ ਰਿਹਾ ਹੈ। ਪੁਲਿਸ ਵੀ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਉਣ ਤੋਂ ਗੁਰੇਜ਼ ਨਹੀਂ ਕਰ ਰਹੀ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ 21 ਸਤੰਬਰ ਦੀ ਰਾਤ ਨੂੰ ਤਿੰਨ ਬੱਚਿਆਂ ਸਮੇਤ 21 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਈਰਾਨ ਦੇ ਸਰਕਾਰੀ ਟੀਵੀ ਦੇ ਅਨੁਸਾਰ ਇਸ ਦੌਰਾਨ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਕੁੱਲ 41 ਲੋਕਾਂ ਦੀ ਮੌਤ ਹੋ ਗਈ ਹੈ।