ਚੰਡੀਗੜ੍ਹ: ਪਠਾਨਕੋਟ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬਲਾਕ ਬਮਿਆਲ ਅਧੀਨ ਪੈਂਦੇ ਸਰਹੱਦੀ ਪਿੰਡ ਖੁਦਾਈਪੁਰ ਤੋਂ ਕਿਸਾਨ ਦੀ ਪਾਕਿਸਤਾਨੀ ਨਾਗਰਿਕ ਨਾਲ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੈਂਦੀ ਜ਼ਮੀਨ ਵਿੱਚ ਖੇਤੀ ਕਰਨ ਗਏ ਕਿਸਾਨ ਨਾਲ ਪਾਕਿਸਤਾਨੀ ਨਾਗਰਿਕ ਹੱਥੋਪਾਈ ਹੋ ਗਿਆ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੂੰ ਪਾਕਿਸਤਾਨੀ ਸਰਹੱਦ ਵੱਲ ਜ਼ਬਰਦਸਤੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ।


ਉੱਧਰ ਬੀਐਸਐਫ ਅਧਿਕਾਰੀ ਇਸ ਮਾਮਲੇ ਸਬੰਧੀ ਕੁਝ ਬੋਲਣ ਤੋਂ ਕਿਨਾਰਾ ਕਰ ਰਹੇ ਹਨ। ਹਾਲਾਂਕਿ ਖੇਤੀ ਕਰਨ ਗਏ ਕਿਸਾਨ ਸੁਖਬੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬਾਰਡਰ 'ਤੇ ਕਿਸਾਨ ਦੇ ਪਾਕਿਸਤਾਨੀ ਨਾਗਰਿਕ ਨਾਲ ਝਗੜੇ ਬਾਅਦ ਪਿੰਡ ਦੇ ਲੋਕ ਕਾਫੀ ਸਹਿਮੇ ਹੋਏ ਹਨ।

ਹਾਸਲ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬੀਤੇ ਦਿਨ ਸਵੇਰੇ ਸਰਹੱਦ ਨਾਲ ਲੱਗਦੀ ਕੰਡਿਆਲੀ ਤਾਰ ਦੇ ਗੇਟ ਨੰਬਰ 9 ਨੂੰ ਪਾਰ ਕਰਕੇ ਆਪਣੇ ਖੇਤ ਵਿੱਚ ਖੇਤੀ ਕਰਨ ਗਿਆ ਸੀ ਤੇ ਇੰਟਰਨੈਸ਼ਨਲ ਬਾਰਡਰ ਦੇ ਪਿੱਲਰ 9/14 ਤੇ 10/5 ਵਿਚਾਲੇ ਆਪਣੇ ਖੇਤ 'ਚ ਖੇਤੀ ਕਰ ਰਿਹਾ ਸੀ। ਅਚਾਨਕ ਇੱਕ ਪਾਕਿਸਤਾਨੀ ਨਾਗਰਿਕ ਭਾਰਤ ਦੀ ਸਰਹੱਦ ਅੰਦਰ ਵੜਿਆ ਤੇ ਉਸ ਨੂੰ ਜ਼ਬਰਦਸਤੀ ਪਾਕਿਸਤਾਨੀ ਸਰਹੱਦ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ।

ਇਸ ਪਿੱਛੋਂ ਸੁਖਬੀਰ ਸਿੰਘ ਨੇ ਖ਼ੁਦ ਨੂੰ ਉਸ ਕੋਲੋਂ ਛੁਡਵਾਇਆ ਤੇ ਭਾਰਤ ਦੀ ਸਰਹੱਦ ਵੱਲ ਆ ਗਿਆ। ਚਿੰਤਾ ਦੀ ਗੱਲ ਇਹ ਹੈ ਕਿ ਬਾਰਡਰ 'ਤੇ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨਾਲ ਹਮੇਸ਼ਾ ਬੀਐਸਐਫ ਜਵਾਨ ਨਾਲ ਜਾਂਦੇ ਹਨ ਪਰ ਇਸ ਘਟਨਾ ਦੌਰਾਨ ਕੁਝ ਹੋਰ ਹੀ ਸਾਹਮਣੇ ਆਇਆ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਜਵਾਨ ਬਾਰਡਰ ਤੋਂ ਬਹੁਤ ਦੂਰ ਖੜੇ ਰਹਿੰਦੇ ਹਨ। ਉਸ ਦੇ ਨਾਲ ਵੀ ਕੋਈ ਜਵਾਨ ਮੌਜੂਦ ਨਹੀਂ ਸੀ, ਇਸੇ ਲਈ ਇਹ ਘਟਨਾ ਵਾਪਰੀ ਹੈ। ਇਸ ਘਟਨਾ ਬਾਅਦ ਪਿੰਡ ਦੇ ਕਈ ਕਿਸਾਨਾਂ ਨੇ ਸਰਕਾਰ ਨੂੰ ਇਸ ਮਸਲੇ ਵੱਲ ਜ਼ਰਾ ਧਿਆਨ ਦੇਣ ਦੀ ਮੰਗ ਕੀਤੀ ਹੈ।