Turkey Earthquake: 'ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਏ', ਇਹ ਕਥਨ ਤੁਰਕੀ ਵਿੱਚ ਫਿਰ ਸੱਚ ਸਾਬਤ ਹੋਇਆ ਹੈ। ਇੱਥੇ ਇੱਕ ਔਰਤ ਨੂੰ ਹਫਤੇ ਮਗਰੋਂ ਮਲਬੇ ਹੇਠੋਂ ਜ਼ਿੰਦਾ ਕੱਢਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਔਰਤ ਇੱਕ ਹਫਤਾ ਬਗੈਰ ਖਾਣੇ-ਤੇ ਪਾਣੀ ਤੋਂ ਜ਼ਿੰਦਾ ਰਹੀ ਹੈ। 


ਹਾਸਲ ਜਾਣਕਾਰੀ ਮੁਤਾਬਕ ਭੂਚਾਲ ਨਾਲ ਤਬਾਹ ਹੋਏ ਤੁਰਕੀ ਵਿੱਚ ਬਚਾਅ ਕਰਮੀਆਂ ਨੇ ਇੱਕ 40 ਸਾਲਾ ਔਰਤ ਨੂੰ ਇਮਾਰਤ ਦੇ ਮਲਬੇ ’ਚੋਂ ਜਿਊਂਦੇ ਕੱਢਿਆ ਹੈ। ਹਾਲਾਂਕਿ ਹੁਣ ਕਿਸੇ ਦੇ ਬਚ ਸਕਣ ਦੀ ਸੰਭਾਵਨਾ ਬਹੁਤ ਘੱਟ ਸੀ ਕਿਉਂਕਿ ਭੂਚਾਲ ਨੂੰ ਇੱਕ ਹਫ਼ਤਾ ਬੀਤ ਚੁੱਕਾ ਹੈ। ਮਨੁੱਖੀ ਸਰੀਰ ਐਨੇ ਸਮੇਂ ਤੱਕ ਬਿਨਾਂ ਪਾਣੀ ਤੋਂ ਕੰਮ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਤਾਪਮਾਨ ਵੀ ਸਿਫ਼ਰ ਤੋਂ ਹੇਠਾਂ ਹੈ। 


ਗਾਜ਼ੀਆਂਤੇਪ ਸੂਬੇ ਵਿੱਚ ਜਿਊਂਦੀ ਕੱਢੀ ਗਈ ਔਰਤ ਦਾ ਨਾਂ ਸਿਬੇਲ ਕਾਇਆ ਹੈ। ਉਸ ਨੂੰ ਇਜ਼ਲਾਹੀਏ ਕਸਬੇ ਵਿਚ ਢਹਿ-ਢੇਰੀ ਹੋਈ ਪੰਜ ਮੰਜ਼ਲਾ ਇਮਾਰਤ ਵਿਚੋਂ ਬਚਾਇਆ ਗਿਆ ਹੈ। ਉਹ ਕਰੀਬ 170 ਘੰਟੇ ਮਲਬੇ ਹੇਠ ਦੱਬੀ ਰਹੀ। ਵੱਖ-ਵੱਖ ਮਾਹਿਰਾਂ ਦੀ ਟੀਮ ਨੇ ਉਸ ਨੂੰ ਬਚਾਇਆ ਹੈ। ਇਸ ਤੋਂ ਪਹਿਲਾਂ ਇੱਕ 60 ਸਾਲਾ ਔਰਤ ਨੂੰ ਅਦੀਯਮਨ ਸੂਬੇ ਵਿਚ ਬਚਾਇਆ ਗਿਆ ਸੀ। 


ਦੱਸ ਦਈਏ ਕਿ ਤੁਰਕੀ ਤੇ ਸੀਰੀਆ ਵਿੱਚ 6 ਫਰਵਰੀ ਨੂੰ ਕੁਝ ਸਮੇਂ ਦੇ ਫ਼ਰਕ ਨਾਲ 7.8 ਤੇ 7.5 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ ਸਨ। ਹੁਣ ਤੱਕ ਦੋਵਾਂ ਮੁਲਕਾਂ ਵਿੱਚ 33 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਲਾਸ਼ਾਂ ਮਲਬੇ ਹੇਠ ਦੱਬੀਆਂ ਹੋਈਆਂ ਹਨ। ਕਈ ਵੱਡੇ ਕਸਬੇ ਤੇ ਸ਼ਹਿਰ ਮਲਬੇ ਵਿਚ ਤਬਦੀਲ ਹੋ ਗਏ ਹਨ। 


ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਰਤਾਂ ਡਿੱਗਣ ਦੇ ਮਾਮਲੇ ਵਿਚ 131 ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਇਹ ਇਮਾਰਤਾਂ ਭੂਚਾਲ ਸੰਵੇਦਨਸ਼ੀਲ ਇਲਾਕੇ ਵਿੱਚ ਝਟਕੇ ਨਹੀਂ ਝੱਲ ਸਕੀਆਂ। ਸੀਰੀਆ ਦੇ ਬਾਗ਼ੀਆਂ ਦੇ ਇਲਾਕੇ ਵਿੱਚ ਮੌਤਾਂ ਦੀ ਗਿਣਤੀ 2166 ਹੋ ਗਈ ਹੈ। ਮੁਲਕ ਵਿਚ 3500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।