Afghanistan Blast: ਅਫਗਾਨਿਸਤਾਨ (Afghanistan) ਦੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਬੁੱਧਵਾਰ ਨੂੰ ਮਿੰਨੀ ਬੱਸਾਂ 'ਚ ਹੋਏ ਤਿੰਨ ਬੰਬ ਧਮਾਕਿਆਂ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 15 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਇੱਕ ਮਸਜਿਦ 'ਚ ਵੀ ਧਮਾਕਾ ਹੋਇਆ। ਜਿਸ ਕਾਰਨ ਕੁੱਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਤਿੰਨ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।


ਬਲਖ ਸੂਬਾਈ ਪੁਲਿਸ (Balkh Provincial Police) ਦੇ ਬੁਲਾਰੇ ਆਸਿਫ਼ ਵਜ਼ੀਰੀ ਨੇ ਏਐਫਪੀ ਨੂੰ ਦੱਸਿਆ, "ਬੰਬ ਸ਼ਹਿਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਿੰਨ ਮਿੰਨੀ ਬੱਸਾਂ ਵਿੱਚ ਰੱਖੇ ਗਏ ਸਨ।"
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਕਾਬੁਲ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਮਸਜਿਦ ਦੇ ਅੰਦਰ ਇੱਕ ਹੋਰ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਮੰਤਰਾਲੇ ਨੇ ਕਿਹਾ ਕਿ ਬੰਬ ਮਸਜਿਦ ਵਿੱਚ ਇੱਕ ਪੱਖੇ ਦੇ ਅੰਦਰ ਰੱਖਿਆ ਗਿਆ ਸੀ।



ਪਿਛਲੇ ਕੁਝ ਸਮੇਂ ਤੋਂ ਦੇਸ਼ ਵਿੱਚ ਹੋ ਚੁੱਕੇ ਹਨ ਕਈ ਧਮਾਕੇ 
ਅਫਗਾਨਿਸਤਾਨ 'ਚ ਪਿਛਲੇ ਕੁਝ ਦਿਨਾਂ 'ਚ ਕਈ ਧਮਾਕੇ ਹੋਏ ਹਨ। ਮਜ਼ਾਰ-ਏ-ਸ਼ਰੀਫ ਅੱਤਵਾਦੀਆਂ ਦਾ ਖਾਸ ਨਿਸ਼ਾਨਾ ਰਿਹਾ ਹੈ। 28 ਅਪ੍ਰੈਲ ਨੂੰ ਮਜ਼ਾਰ-ਏ-ਸ਼ਰੀਫ ਵਿੱਚ ਮਿੰਨੀ ਬੱਸਾਂ ਵਿੱਚ ਦੋਹਰੇ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ। ਮਜ਼ਾਰ-ਏ-ਸ਼ਰੀਫ 'ਚ ਹੀ ਦੁਪਹਿਰ ਦੀ ਨਮਾਜ਼ ਦੌਰਾਨ 21 ਅਪ੍ਰੈਲ (ਵੀਰਵਾਰ) ਨੂੰ ਸਹਿ ਦੋਕਾਨ ਮਸਜਿਦ 'ਚ ਬੰਬ ਧਮਾਕਾ ਹੋਇਆ ਸੀ, ਜਿਸ 'ਚ 12 ਸ਼ਰਧਾਲੂ ਮਾਰੇ ਗਏ ਸਨ ਅਤੇ 58 ਲੋਕ ਜ਼ਖਮੀ ਹੋ ਗਏ ਸਨ। 21 ਅਪ੍ਰੈਲ ਨੂੰ ਹੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੀਰਵਾਰ ਨੂੰ ਸੜਕ ਕਿਨਾਰੇ ਹੋਏ ਧਮਾਕੇ 'ਚ ਦੋ ਬੱਚੇ ਜ਼ਖਮੀ ਹੋ ਗਏ।


ਤਾਲਿਬਾਨ ਦੇ ਦਾਅਵੇ 'ਤੇ ਉੱਠੇ ਸਵਾਲ
ਤਾਲਿਬਾਨ ਪਿਛਲੇ ਸਾਲ ਅਗਸਤ 'ਚ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੇ ਦੇਸ਼ ਨੂੰ ਸੁਰੱਖਿਅਤ ਕਰ ਲਿਆ ਹੈ ਪਰ ਅੰਤਰਰਾਸ਼ਟਰੀ ਏਜੰਸੀਆਂ ਅਤੇ ਵਿਸ਼ਲੇਸ਼ਕ ਤਾਲਿਬਾਨ ਦੇ ਇਸ ਦਾਅਵੇ 'ਤੇ ਸਵਾਲ ਉਠਾ ਰਹੇ ਹਨ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਅੱਤਵਾਦ ਦੇ ਮੁੜ ਉੱਭਰਨ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਕਈ ਵੱਡੇ ਹਮਲਿਆਂ ਦਾ ਦਾਅਵਾ ਕੀਤਾ ਹੈ।