ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੱਲ੍ਹ ਐਤਵਾਰ ਨੂੰ ‘ਏਅਰ ਇੰਡੀਆ’ ਦੇ ਇੱਕ ਬੋਇੰਗ 777 ਹਵਾਈ ਜਹਾਜ਼ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਲਈ ਉਡਾਣ ਭਰੀ ਸੀ। ਇਸ ਉਡਾਣ ਦਾ ਮੁੱਖ ਮਕਸਦ ਕਾਬੁਲ ’ਚ ਫਸੇ 129 ਭਾਰਤੀਆਂ ਨੂੰ ਵਤਨ ਵਾਪਸ ਲਿਆਉਣਾ ਸੀ। ਇਹ ਹਵਾਈ ਜਹਾਜ਼ ਕਾਬੁਲ ਦੇ ਆਕਾਸ਼ ’ਤੇ ਪੁੱਜ ਵੀ ਗਿਆ ਤੇ 28,000 ਫ਼ੁੱਟ ਦੀ ਉਚਾਈ ਉੱਤੇ ਉਡਾਣ ਭਰਦਾ ਰਿਹਾ ਪਰ ਅੱਗਿਓਂ ਕਾਬੁਲ ਦੇ ਹਵਾਈ ਅੱਡੇ ਦੇ ਏਅਰ ਟ੍ਰੈਫ਼ਿਕ ਕੰਟਰੋਲ (ATC) ਤੋਂ ਲੈਂਡ ਕਰਨ ਦੀ ਇਜਾਜ਼ਤ ਹੀ ਨਹੀਂ ਮਿਲੀ ਕਿਉਂਕਿ ਰਨਵੇਅ ਉੱਤੇ ਇੱਕ ਹੋਰ ਜਹਾਜ਼ ਕਸੂਤੀ ਸਥਿਤੀ ਵਿੱਚ ਖੜ੍ਹਾ ਸੀ ਤੇ ਉਸ ਵਿੱਚ ਕੋਈ ਖ਼ਰਾਬੀ ਆ ਗਈ ਸੀ। ਇਸੇ ਲਈ ਤਦ ਭਾਰਤੀ ਹਵਾਈ ਜਹਾਜ਼ ਨੂੰ ਸੰਯੁਕਤ ਅਰਬ ਅਮੀਰਾਤ (UAE) ਦੇ ਹਵਾਈ ਅੱਡੇ ਉੱਤੇ ਜਾ ਕੇ ਲੈਂਡ ਕਰਨਾ ਪਿਆ।


ਦਰਅਸਲ, ਇਸ ਦੌਰਾਨ ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਹੀ ਚੁੱਕਾ ਸੀ ਪਰ ਤਦ ਅਮਰੀਕੀ ਫ਼ੌਜੀ ਜਵਾਨਾਂ ਨੇ ਵੀ ਕਾਬੁਲ ਦੇ ਹਵਾਈ ਅੱਡੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ। ਉਨ੍ਹਾਂ ਨੇ ਕੁਝ ਦਿਨਾਂ ਲਈ ਇਸ ਹਵਾਈ ਅੱਡੇ ਉੱਤੇ ਕਬਜ਼ਾ ਰੱਖਣ ਦੀ ਯੋਜਨਾ ਉਲੀਕੀ ਹੋਈ ਹੈ, ਤਾਂ ਜੋ ਹੋਰਨਾਂ ਦੇਸ਼ਾਂ ਦੇ ਡਿਪਲੋਮੈਟ ਤੇ ਅਜਿਹੇ ਹੋਰ ਵਿਦੇਸ਼ੀ ਵੀਆਈਪੀ ਆਪਣੇ ਵਤਨਾਂ ਨੂੰ ਪਰਤ ਸਕਣ।


ਫਿਰ ਕਾਫ਼ੀ ਸਮੇਂ ਬਾਅਦ ਭਾਰਤੀ ਹਵਾਈ ਜਹਾਜ਼ ਦੇ ਅਮਲੇ ਨੂੰ ਖ਼ਬਰ ਮਿਲੀ ਕਿ ਉਹ ਹੁਣ ਕਾਬੁਲ ਦੇ ਹਵਾਈ ਅੱਡੇ ’ਤੇ ਲੈਂਡ ਕਰ ਸਕਦੇ ਹਨ। ਆਖ਼ਰ ਦੋ ਘੰਟੇ 13 ਮਿੰਟਾਂ ਪਿੱਛੋਂ ਭਾਰਤੀ ਹਵਾਈ ਜਹਾਜ਼ ਦੁਪਹਿਰੇ 1:33 ਵਜੇ ਕਾਬੁਲ ਪੁੱਜਾ। ਤਦ ਉਸ ਵਿੱਚ 40 ਯਾਤਰੀ ਸਵਾਰ ਸਨ।  162 ਸੀਟਾਂ ਵਾਲੀ ਇਹ ਏ-320 ਉਡਾਣ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਬੁੱਕ ਸੀ।


ਇੰਝ ਇਹ ਜਹਾਜ਼ ਕੱਲ੍ਹ ਐਤਵਾਰ ਨੂੰ ਦੇਰ ਰਾਤੀਂ ਇਹ 129 ਭਾਰਤੀਆਂ ਨੂੰ ਲੈ ਕੇ ਦਿੱਲੀ ਪਰਤਿਆ। ‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਕਾਬੁਲ ’ਚ ਆਮ ਲੋਕਾਂ ਦਾ ਹੁਣ ਉੱਥੋਂ ਦੇ ਹਵਾਈ ਅੱਡੇ ’ਤੇ ਪੁੱਜਣਾ ਬਹੁਤ ਔਖਾ ਹੋਇਆ ਪਿਆ ਹੈ ਕਿਉਂਕਿ ਸੜਕਾਂ ਉੱਤੇ ਤਾਲਿਬਾਨ ਨੇ ਥਾਂ-ਥਾਂ ’ਤੇ ਬੈਰੀਕੇਡ ਲਾਏ ਹੋਏ ਹਨ, ਗੱਡੀਆਂ ਪੁੱਠੀਆਂ-ਸਿੱਧੀਆਂ ਕਰ ਕੇ ਖੜ੍ਹਾਈਆਂ ਹੋਈਆਂ ਹਨ।


ਏਅਰ ਇੰਡੀਆ ਦੀ ਇੱਕ ਉਡਾਣ ਦੇ ਅੱਜ ਸੋਮਵਾਰ ਨੂੰ ਦਿੱਲੀ ਤੋਂ ਕਾਬੁਲ ਰਵਾਨਗੀ ਪਾਉਣ ਦੀ ਸੰਭਾਵਨਾ ਹੈ ਕਿਉਂਕਿ ਹਾਲੇ ਹੋਰ ਵੀ ਬਹੁਤ ਸਾਰੇ ਭਾਰਤੀ ਉੱਥੇ ਫਸੇ ਹੋਏ ਹਨ। ਭਾਰਤ ਸਰਕਾਰ ਦੇ ਤਿੰਨ ਅਧਿਕਾਰੀ ਵੀ ਹਾਲੇ ਉੱਥੇ ਕਾਬੁਲ ’ਚ ਹੀ ਹਨ। ਇਹ ਅੱਜ ਕਾਬੁਲ ਦੀ ਤਾਜ਼ਾ ਸਥਿਤੀ ਉੱਤੇ ਨਿਰਭਰ ਕਰੇਗਾ ਕਿ ਦਿੱਲੀ ਤੋਂ ਉਡਾਣ ਨੇ ਰਵਾਨਗੀ ਪਾਉਣੀ ਹੈ ਜਾਂ ਨਹੀਂ। ਉਂਝ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ’ਚ ਵਾਪਰ ਰਹੀ ਹਰੇਕ ਘਟਨਾ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ।


ਇਹ ਵੀ ਪੜ੍ਹੋ: UNSC Emergency Meeting: ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਮਗਰੋਂ UNSC ਦੀ ਐਮਰਜੈਂਸੀ ਮੀਟਿੰਗ, ਭਾਰਤੀ ਵਿਦੇਸ਼ ਮੰਤਰੀ ਕਰਨਗੇ ਪ੍ਰਧਾਨਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904