Extra Tariff on India: ਅਮਰੀਕਾ ਨੇ ਭਾਰਤ ਖਿਲਾਫ ਤਿੱਖੀ ਟੈਰਿਫ ਜੰਗ ਛੇੜ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪੁਰਾਣੇ ਮਿੱਤਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਚੁਣ-ਚੁਣ ਵਾਰ ਕਰ ਰਹੇ ਹਨ। ਅਮਰੀਕਾ ਵੱਲੋਂ 50 ਫੀਸਦੀ ਟੈਰਿਫ ਲਾਉਣ ਮਗਰੋਂ ਭਾਰਤ ਨੇ ਵਿਰੋਧ ਕੀਤਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰ ਪਾਬੰਦੀਆਂ ਲਾਉਣ ਦੀ ਚੇਤਾਵਨੀ ਦੇ ਦਿੱਤੀ ਹੈ। ਟਰੰਪ ਪਿਛਲੇ ਦਿਨਾਂ ਤੋਂ ਲਗਾਤਾਰ ਭਾਰਤ ਉਪਰ ਹਮਲੇ ਕਰ ਰਹੇ ਹਨ।
ਬੁੱਧਵਾਰ ਰਾਤ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਟੰਰਪ ਨੇ ਕਿਹਾ ਅਜੇ ਤਾਂ ਸਿਰਫ 8 ਘੰਟੇ ਹੀ ਹੋਏ ਹਨ। ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਕਈ ਸੈਕੰਡਰੀ ਪਾਬੰਦੀਆਂ ਆਉਣ ਵਾਲੀਆਂ ਹਨ। ਟਰੰਪ ਨੇ ਭਾਰਤ 'ਤੇ 25% ਵਾਧੂ ਟੈਰਿਫ ਲਾਉਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ। ਟਰੰਪ ਤੋਂ ਪੁੱਛਿਆ ਗਿਆ ਸੀ ਕਿ ਅਮਰੀਕਾ ਨੇ ਸਿਰਫ਼ ਭਾਰਤ 'ਤੇ ਹੀ ਸਖ਼ਤੀ ਕਿਉਂ ਕੀਤੀ, ਜਦੋਂਕਿ ਚੀਨ ਵਰਗੇ ਹੋਰ ਦੇਸ਼ ਵੀ ਰੂਸ ਤੋਂ ਤੇਲ ਖਰੀਦ ਰਹੇ ਹਨ। ਇਸ ਦੇ ਜਵਾਬ ਵਿੱਚ ਟਰੰਪ ਚੀਨ ਬਾਰੇ ਤਾਂ ਕੁਝ ਨਹੀਂ ਬੋਲਿਆ ਪਰ ਭਾਰਤ ਉਪਰ ਹੋਰ ਪਾਬੰਦੀਆਂ ਲਾਉਣ ਦੇ ਸੰਕੇਤ ਦਿੱਤੇ।
ਦੱਸ ਦਈਏ ਕਿ ਭਾਰਤ 'ਤੇ ਕੁੱਲ ਅਮਰੀਕੀ ਟੈਰਿਫ ਹੁਣ 50% ਹੋ ਗਿਆ ਹੈ। ਟਰੰਪ ਨੇ ਬੁੱਧਵਾਰ ਨੂੰ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਕੇ ਟੈਰਿਫ ਵਿੱਚ 25% ਹੋਰ ਵਾਧਾ ਕੀਤਾ ਸੀ। ਇਹ ਵਧਿਆ ਹੋਇਆ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ। ਅੱਜ ਤੋਂ ਭਾਰਤ 'ਤੇ 25% ਟੈਰਿਫ ਲਾਗੂ ਹੋ ਗਿਆ ਹੈ। ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਰੂਸੀ ਤੇਲ ਖਰੀਦਣ ਕਾਰਨ ਭਾਰਤ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਉਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਗਲਤ ਕਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨੇ ਹਾਲ ਹੀ ਵਿੱਚ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਨਿਸ਼ਾਨਾ ਬਣਾਇਆ ਹੈ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਬਾਜ਼ਾਰ ਦੀਆਂ ਸਥਿਤੀਆਂ ਦੇ ਆਧਾਰ 'ਤੇ ਤੇਲ ਖਰੀਦਦੇ ਹਾਂ ਤੇ ਇਸ ਦਾ ਉਦੇਸ਼ 140 ਕਰੋੜ ਭਾਰਤੀਆਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਬਹੁਤ ਮੰਦਭਾਗਾ ਹੈ ਕਿ ਅਮਰੀਕਾ ਭਾਰਤ 'ਤੇ ਵਾਧੂ ਟੈਰਿਫ ਲਾ ਰਿਹਾ ਹੈ, ਜਦੋਂਕਿ ਕਈ ਹੋਰ ਦੇਸ਼ ਵੀ ਆਪਣੇ ਹਿੱਤ ਵਿੱਚ ਇਹੀ ਕੰਮ ਕਰ ਰਹੇ ਹਨ। ਅਸੀਂ ਫਿਰ ਦੁਹਰਾਉਂਦੇ ਹਾਂ ਕਿ ਇਹ ਕਦਮ ਅਨੁਚਿਤ, ਗੈਰ-ਕਾਨੂੰਨੀ ਤੇ ਗਲਤ ਹਨ। ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕੇਗਾ।
ਸੈਕੰਡਰੀ ਪਾਬੰਦੀਆਂ ਕੀ?
ਟਰੰਪ ਨੇ ਸੈਕੰਡਰੀ ਪਾਬੰਦੀਆਂ ਲਾਉਣ ਦੀ ਚੇਤਾਵਨੀ ਦਿੱਤੀ ਹੈ। ਇਹ ਉਹ ਪਾਬੰਦੀਆਂ ਹਨ ਜੋ ਸਿੱਧੇ ਤੌਰ 'ਤੇ ਕਿਸੇ ਦੇਸ਼ 'ਤੇ ਨਹੀਂ ਲਾਈਆਂ ਜਾਂਦੀਆਂ, ਸਗੋਂ ਕਿਸੇ ਤੀਜੇ ਦੇਸ਼ ਨਾਲ ਵਪਾਰਕ ਸਬੰਧਾਂ ਕਾਰਨ ਲਾਈਆਂ ਜਾਂਦੀਆਂ ਹਨ। ਯਾਨੀ ਕਿ ਭਾਰਤ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਉਣ ਦੀ ਬਜਾਏ, ਅਮਰੀਕਾ ਉਨ੍ਹਾਂ ਕੰਪਨੀਆਂ ਤੇ ਬੈਂਕਾਂ 'ਤੇ ਆਪਣੀ ਪਕੜ ਮਜ਼ਬੂਤ ਕਰ ਸਕਦਾ ਹੈ ਜੋ ਰੂਸ ਤੋਂ ਤੇਲ ਖਰੀਦਣ ਵਿੱਚ ਸ਼ਾਮਲ ਹਨ। ਭਾਰਤ ਨੇ ਰੂਸ-ਯੂਕਰੇਨ ਯੁੱਧ ਦੇ ਬਾਵਜੂਦ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣਾ ਜਾਰੀ ਰੱਖਿਆ ਹੈ। ਅਮਰੀਕਾ ਇਸ ਫੈਸਲੇ ਨੂੰ ਲੈ ਕੇ ਭਾਰਤ 'ਤੇ ਲੰਬੇ ਸਮੇਂ ਤੋਂ ਦਬਾਅ ਪਾ ਰਿਹਾ ਹੈ। ਹਾਲਾਂਕਿ, ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਉਸ ਦੀਆਂ ਊਰਜਾ ਜ਼ਰੂਰਤਾਂ ਉਸ ਦੇ ਰਾਸ਼ਟਰੀ ਹਿੱਤ ਨਾਲ ਜੁੜੀਆਂ ਹੋਈਆਂ ਹਨ।
ਦੱਸ ਦਈਏ ਕਿ ਟਰੰਪ ਦੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਰੂਸ ਤੋਂ ਸਿੱਧੇ ਤੇ ਅਸਿੱਧੇ ਤੌਰ 'ਤੇ ਤੇਲ ਆਯਾਤ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀ ਸਾਮਾਨ 'ਤੇ 25% ਦਾ ਵਾਧੂ ਟੈਰਿਫ ਲਾਗੂ ਹੋਵੇਗਾ। ਹਾਲਾਂਕਿ, ਇਸ ਟੈਰਿਫ ਤੋਂ ਛੋਟ ਕੁਝ ਖਾਸ ਹਾਲਾਤਾਂ ਵਿੱਚ ਦਿੱਤੀ ਵੀ ਜਾਵੇਗੀ, ਜਿਵੇਂ ਕਿ ਜੇਕਰ ਕੋਈ ਸਾਮਾਨ ਪਹਿਲਾਂ ਹੀ ਸਮੁੰਦਰ ਵਿੱਚ ਲੋਡ ਕੀਤਾ ਗਿਆ ਹੈ ਤੇ ਰਸਤੇ ਵਿੱਚ ਹੈ ਜਾਂ ਜੇਕਰ ਇਹ ਇੱਕ ਨਿਸ਼ਚਿਤ ਮਿਤੀ ਤੋਂ ਪਹਿਲਾਂ ਅਮਰੀਕਾ ਪਹੁੰਚ ਗਿਆ ਹੈ।