Conspiracy of Sikh Separatist Killing: ਖਾਲਿਸਤਾਨ ਪੱਖੀ ਲੀਡਰ ਦੀ ਹੱਤਿਆ ਦੀ ਸਾਜਿਸ਼ ਬਾਰੇ ਅਮਰੀਕਾ ਦਾ ਵੱਡਾ ਬਿਆਨ ਆਇਆ ਹੈ। ਅਮਰੀਕਾ ਨੇ ਕਿਹਾ ਕਿ ਇਸ ਮਾਮਲੇ 'ਚ ਭਾਰਤ ਵੱਲੋਂ ਵਿੱਢੀ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੀ ਜਾਏਗੀ। ਅਮਰੀਕਾ ਨੇ ਸਪਸ਼ਟ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। 



ਦਰਅਸਲ ਅਮਰੀਕਾ ਨੇ ਕਿਹਾ ਹੈ ਕਿ ਉਹ ਵੱਖਵਾਦੀ ਸਿੱਖ ਲੀਡਰ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਭਾਰਤੀ ਜਾਂਚ ਦੇ ਨਤੀਜਿਆਂ ਤੱਕ ਉਡੀਕ ਕਰੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। 


ਉਨ੍ਹਾਂ ਕਿਹਾ, ‘ਵਿਦੇਸ਼ ਮੰਤਰੀ ਨੇ ਆਪਣੇ ਵਿਦੇਸ਼ੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ ਤੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਭਾਰਤ ਨੇ ਕਿਹਾ ਹੈ ਕਿ ਉਹ ਜਾਂਚ ਕਰੇਗਾ। ਉਨ੍ਹਾਂ ਨੇ ਜਾਂਚ ਕਰਾਉਣ ਦਾ ਜਨਤਕ ਤੌਰ ’ਤੇ ਐਲਾਨ ਕੀਤਾ ਹੈ। ਹੁਣ ਅਸੀਂ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਾਂਗੇ।’


ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਨਾਗਰਿਕ ਨੇ ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਸਰਕਾਰੀ ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਭਾਰਤੀ ਵਿਅਕਤੀ ਭਾਰਤੀ ਅਧਿਕਾਰੀ ਨਾਲ ਰਲਿਆ ਹੋਇਆ ਸੀ।


ਦੱਸ ਦਈਏ ਕਿ ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੀਆਂ ਰਿਪੋਰਟਾਂ ਨੇ ਭਾਰਤ ਤੇ ਅਮਰੀਕਾ ਵਿੱਚ ਹਲਚਲ ਵਧਾ ਦਿੱਤੀ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਕਾਫੀ ਔਖਾ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਭਾਰਤ ਨਾਲ ਕਈ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਨਵੀਂ ਦਿੱਲੀ ਵੀ ਆਏ ਹਨ। 


ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦਾ ਹੈ। ਉਸ ਕੋਲ ਕੈਨੇਡਾ ਤੇ ਅਮਰੀਕਾ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ। ਅਮਰੀਕਾ ਵਿੱਚ ਲੋਕ ਉਸ ਨੂੰ ਸਮਾਜ ਸੇਵਕ ਤੇ ਵਕੀਲ ਵਜੋਂ ਜਾਣਦੇ ਹਨ ਪਰ ਖਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਭਾਰਤ ਨੇ ਉਸ ਨੂੰ ਅੱਤਵਾਦੀ ਐਲਾਨਿਆ ਹੈ। ਪੰਨੂ ‘ਸਿੱਖ ਫਾਰ ਜਸਟਿਸ’ (ਐਸਜੇਐਫ) ਨਾਮ ਦੀ ਜਥੇਬੰਦੀ ਦਾ ਮੁਖੀ ਹੈ। ਗੁਰਪਤਵੰਤ ਪੰਨੂ ਤੇ ਉਸ ਦੀ ਸੰਸਥਾ ਦੋਵਾਂ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਹੋਈ ਹੈ।