Brittany Lauga drugged in Queensland:ਆਸਟ੍ਰੇਲੀਆ ਦੀ ਕੁਈਨਜ਼ਲੈਂਡ ਦੀ ਸੰਸਦ ਮੈਂਬਰ ਬ੍ਰਿਟਨੀ ਲੌਗਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਸ਼ੀਲੇ ਪਦਾਰਥ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਲੌਗਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਵਾਪਰੀ ਇਸ ਘਟਨਾ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਉਸ ਨਾਲ ਇਹ ਘਟਨਾ ਉਸ ਦੇ ਹੀ ਹਲਕੇ ਯੇਪੂਨ ਵਿਖੇ ਇੱਕ ਨਾਇਟ ਆਊਟ  ਦੌਰਾਨ ਵਾਪਰੀ।


ਬ੍ਰਿਟਨੀ ਲੌਗਾ ਸਹਾਇਕ ਸਿਹਤ ਮੰਤਰੀ ਵੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ, "ਜੋ ਘਟਨਾ ਮੇਰੇ ਨਾਲ ਵਾਪਰੀ ਹੈ, ਉਹ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਅਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਘਟਨਾ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨਾਲ ਵਾਪਰਦੀ ਹੈ "
 


ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ 28 ਅਪ੍ਰੈਲ ਨੂੰ ਵਾਪਰੀ ਘਟਨਾ ਤੋਂ ਬਾਅਦ 37 ਸਾਲਾ ਸਾਂਸਦ ਪਹਿਲਾਂ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਈ ਅਤੇ ਫਿਰ ਹਸਪਤਾਲ ਗਈ। ਆਸਟ੍ਰੇਲੀਅਨ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਬ੍ਰਿਟਨੀ ਨੇ ਕਿਹਾ ਕਿ ਹਸਪਤਾਲ 'ਚ ਟੈਸਟ ਦੌਰਾਨ ਮੇਰੇ ਸਰੀਰ 'ਚ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ, ਹਾਲਾਂਕਿ ਮੈਂ ਡਰੱਗ ਨਹੀਂ ਲਈ ਸੀ। ਸੰਸਦ ਮੈਂਬਰ ਨੇ ਕਿਹਾ ਕਿ ਨਸ਼ਿਆਂ ਨੇ ਉਸ 'ਤੇ ਬਹੁਤ ਪ੍ਰਭਾਵ ਪਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਕਈ ਹੋਰ ਔਰਤਾਂ ਨੇ ਉਸ ਨਾਲ ਸੰਪਰਕ ਕੀਤਾ ਸੀ। ਸ਼ਾਇਦ ਉਸ ਨੂੰ ਵੀ ਨਸ਼ਾ ਦਿੱਤਾ ਗਿਆ ਹੋਵੇ।


ਐਮਪੀ ਬ੍ਰਿਟਨੀ ਨੇ ਕਿਹਾ ਕਿ ਅਸੀਂ ਆਪਣੇ ਸ਼ਹਿਰ ਵਿੱਚ ਵੀ ਸੁਰੱਖਿਅਤ ਨਹੀਂ ਹਾਂ ਤੇ ਜੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਬਾਹਰ ਜਾਣਾ ਠੀਕ ਨਹੀਂ ਹੈ। ਪੁਲਿਸ ਨੇ ਕਿਹਾ ਕਿ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਅਸੀਂ ਘਟਨਾ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ।


ਘਟਨਾ ਹੈਰਾਨ ਕਰਨ ਵਾਲੀ - ਹਾਊਸਿੰਗ ਮੰਤਰੀ


ਕੁਈਨਜ਼ਲੈਂਡ ਹਾਊਸਿੰਗ ਮੰਤਰੀ ਮੇਘਨ ਸਕੈਨਲੋਨ ਨੇ ਦੋਸ਼ਾਂ ਨੂੰ ਹੈਰਾਨ ਕਰਨ ਵਾਲਾ ਅਤੇ ਭਿਆਨਕ ਦੱਸਿਆ ਹੈ। ਸਕੈਨਲਨ ਨੇ ਕਿਹਾ ਕਿ ਬ੍ਰਿਟਨੀ ਕੁਈਨਜ਼ਲੈਂਡ ਪਾਰਲੀਮੈਂਟ ਵਿੱਚ ਇੱਕ ਸਹਿਕਰਮੀ, ਇੱਕ ਦੋਸਤ, ਇੱਕ ਮੁਟਿਆਰ ਹੈ ਤੇ ਇਹ ਪੜ੍ਹਨ ਲਈ ਸੱਚਮੁੱਚ ਹੈਰਾਨ ਕਰਨ ਵਾਲੀਆਂ ਗੱਲਾਂ ਹਨ। ਸਕੈਨਲੋਨ ਨੇ ਕਿਹਾ ਕਿ ਅਸੀਂ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਸਾਡੀਆਂ ਔਰਤਾਂ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਦੀਆਂ ਸ਼ਿਕਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਔਰਤਾਂ ਦੀ ਸੁਰੱਖਿਆ ਅਤੇ ਹਿੰਸਾ ਨੂੰ ਰੋਕਣ ਲਈ ਲਗਾਤਾਰ ਯਤਨ ਕਰਦੀ ਰਹੇਗੀ।