ਕੈਨਬਰਾ : ਆਸਟਰੇਲੀਆਈ ਸੰਸਦ ਮੈਂਬਰ ਟਿਮ ਵਿਲਸਨ ਨੇ ਸੋਮਵਾਰ ਨੂੰ ਦੇਸ਼ ਦੀ ਸੰਸਦ 'ਚ ਹੀ ਆਪਣੇ ਸਮਲਿੰਗੀ ਸਾਥੀ ਰੇਆਨ ਬੋਲਗਰ ਨੂੰ ਵਿਆਹ ਲਈ ਪੇਸ਼ਕਸ਼ ਕੀਤੀ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰਜ਼ੈਂਟੇਟਿਵ 'ਚ ਉਸ ਸਮੇਂ ਸਮਲਿੰਗੀ ਵਿਆਹ ਨੂੰ ਜਾਇਜ਼ ਕਰਨ ਦੀ ਤਜਵੀਜ਼ 'ਤੇ ਚਰਚਾ ਹੋ ਰਹੀ ਸੀ।

ਟਿਮ ਦੇ ਇਸ ਵਿਆਹ ਦੀ ਤਜਵੀਜ਼ ਦਾ ਸਾਰੇ ਸੰਸਦ ਮੈਂਬਰਾਂ ਅਤੇ ਸਦਨ ਦੀ ਕਾਰਵਾਈ ਦੇਖ ਰਹੇ ਲੋਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਟਿਮ ਅਤੇ ਸਕੂਲ ਟੀਚਰ ਰੇਆਨ ਲੰਬੇ ਸਮੇਂ ਤੋਂ ਇਕੱਠੇ ਹਨ। ਦੋਵਾਂ ਨੇ ਨੌਂ ਸਾਲ ਪਹਿਲਾਂ ਕੁੜਮਾਈ ਕਰ ਲਈ ਸੀ। ਸਮਲਿੰਗੀ ਵਿਆਹ ਕਾਨੂੰਨ 'ਤੇ ਹੋ ਰਹੀ ਚਰਚਾ ਦੌਰਾਨ ਆਪਣੀ ਗੱਲ ਰੱਖਦੇ ਹੋਏ ਟਿਮ ਨੇ ਰੇਆਨ ਨੂੰ ਫਿਰ ਪ੍ਰਪੋਜ਼ ਕੀਤਾ। ਰੇਆਨ ਨੇ ਵੀ ਇਸ 'ਤੇ ਹਾਮੀ ਭਰ ਦਿੱਤੀ।
ਸਮਲਿੰਗੀ ਵਿਆਹ ਕਾਨੂੰਨ ਸੰਸਦ ਦੇ ਉੱਚ ਸਦਨ ਸੈਨੇਟ 'ਚ ਪਾਸ ਹੋ ਚੁੱਕਾ ਹੈ। ਹਾਲੀਆ ਇਕ ਸਰਵੇਖਣ 'ਚ ਦੇਸ਼ ਦੀ 61 ਫ਼ੀਸਦੀ ਜਨਤਾ ਨੇ ਸਮਲਿੰਗੀ ਵਿਆਹ ਦੇ ਹੱਕ ਵਿਚ ਮਤਦਾਨ ਕੀਤਾ ਸੀ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਿਯਸਮਸ ਤੋਂ ਪਹਿਲਾਂ ਹੀ ਇਸ ਨੂੰ ਕਾਨੂੰਨੀ ਜਾਮਾ ਪਹਿਨਾਉਣ ਦਾ ਵਾਅਦਾ ਕੀਤਾ ਸੀ। ਸੰਸਦ ਤੋਂ ਮਨਜ਼ੂਰੀ ਮਿਲਦੇ ਹੀ ਆਸਟ੫ੇਲੀਆ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ 26ਵਾਂ ਦੇਸ਼ ਹੋਵੇਗਾ।