ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਭਾਰਤ ਦੇ ਵਿਦਿਆਰਥੀ ਵੀ ਵੱਡੇ ਪੱਧਰ ’ਤੇ ਲੌਕਡਾਊਨ ਕਾਰਨ ਪ੍ਰਭਾਵਿਤ ਹੋਏ ਹਨ। ਉਂਝ ਤਾਂ ਭਾਰਤੀ ਵਿਦਿਆਰਥੀ ਦੁਨੀਆ ਦੇ ਲਗਪਗ ਹਰੇਕ ਦੇਸ਼ ਵਿੱਚ ਹੀ ਪੜ੍ਹਾਈ ਕਰਦੇ ਮਿਲ ਜਾਣਗੇ ਪਰ ਇਸ ਵੇਲੇ ਕੈਨੇਡਾ ਕੁਝ ਵਧੇਰੇ ਹੀ ਟ੍ਰੈਂਡਿੰਗ (Canada Trending) ਵਿੱਚ ਹੈ। ਕਿਸੇ ਵੇਲੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ ’ਚ ਜਾ ਕੇ ਜ਼ਿਆਦਾ ਖ਼ੁਸ਼ ਹੁੰਦੇ ਸਨ ਪਰ ਉੱਥੇ ਉਨ੍ਹਾਂ ਉੱਤੇ ਹੋਏ ਕੁਝ ਨਸਲੀ ਹਮਲਿਆਂ ਕਾਰਨ ਇਹ ਰੁਝਾਨ ਅਮਰੀਕਾ ਵੱਲ ਜ਼ਿਆਦਾ ਹੋ ਗਿਆ ਪਰ ਹੁਣ ਇਹੋ ਟ੍ਰੈਡਿੰਗ ਕੈਨੇਡਾ ਲਈ ਹੈ।
ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਤੇ ਅੰਤਰਰਾਸ਼ਟਰੀ ਉਡਾਣਾਂ (ਫ਼ਲਾਈਟਸ Flights) ਉੱਤੇ ਪਾਬੰਦੀਆਂ ਕਾਰਣ ਐਤਕੀਂ ਭਾਰਤੀ ਵਿਦਿਆਰਥੀ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਇਕੱਲੇ ਕੈਨੇਡਾ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਵਾਲੇ 3.5 ਲੱਖ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਇਸ ਵੇਲੇ ਕੈਨੇਡੀਅਨ ਦੂਤਾਵਾਸ ’ਚ ਮੁਲਤਵੀ ਪਈਆਂ ਹਨ। ਇੰਨੇ ਵੱਡੇ ਬੈਕਲੌਗ ਨੂੰ ਤੁਰੰਤ ਕਲੀਅਰ ਕਰਨਾ ਕੋਈ ਸੌਖਾ ਕੰਮ ਨਹੀਂ। ਪ੍ਰਭਾਵਿਤ ਹੋਇਆਂ ’ਚੋਂ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ।
ਇਸੇ ਲਈ ਹੁਣ ਪਿਛਲੇ ਦੋ ਕੁ ਹਫ਼ਤਿਆਂ ਤੋਂ ਕੈਨੇਡਾ ਵੱਲੋਂ ਵੱਡੀ ਗਿਣਤੀ ’ਚ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਜਿਹੜੇ ਬੱਚਿਆਂ ਨੇ IELTS ’ਚ ਹਾਈ ਸਕੋਰ ਹਾਸਲ ਕੀਤੇ ਹੋਏ ਹਨ; ਉਨ੍ਹਾਂ ਨੂੰ ਵੀ ਹੁਣ ਵੀਜ਼ਾ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਕੈਨੇਡਾ ਨੇ ਇੰਨੀ ਵੱਡੀ ਗਿਣਤੀ ’ਚ ਸਟੂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਰੱਦ ਨਹੀਂ ਕੀਤੀਆਂ
ਜਿਹੜੇ ਕਈ ਵਿਦਿਆਰਥੀਆਂ ਨੂੰ ਪਿਛਲੇ ਵਰ੍ਹੇ ਕੈਨੇਡੀਅਨ ਕਾਲਜਾਂ ’ਚ ਦਾਖ਼ਲੇ ਮਿਲ ਗਏ ਸਨ, ਉਨ੍ਹਾਂ ਨੇ ਪਹਿਲੇ ਸੀਮੈਸਟਰ ਔਨਲਾਈਨ ਕਲਾਸਾਂ ਲਾ ਕੇ ਮੁਕੰਮਲ ਕੀਤੇ ਹਨ ਪਰ ਹੁਣ ਦੂਜੇ ਸਾਲ ਲਈ ਉਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਹੈ ਪਰ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਹਾਲੇ ਦੂਤਾਵਾਸ ਤੇ ਹੋਰ ਕੈਨੇਡੀਅਨ ਵੀਜ਼ਾ ਸੈਂਟਰਾਂ ’ਚ ਰੁਲ਼ ਰਹੀਆਂ ਹਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਦੀਆਂ 60% ਵੀਜ਼ਾ ਅਰਜ਼ੀਆਂ ਰੱਦ ਕਰ ਰਹੀ ਹੈ; ਜਿਸ ਕਾਰਨ ਉਨ੍ਹਾਂ ਦੇ ਮਾਪੇ ਵੀ ਡਾਢੇ ਪ੍ਰੇਸ਼ਾਨ ਹਨ।