Jammu Kashmir Terror Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਪਾਕਿਸਤਾਨ ਵਿਰੁੱਧ ਕਾਰਵਾਈ ਦੀ ਮੰਗ ਲਗਾਤਾਰ ਹੋ ਰਹੀ ਹੈ। ਇਸ ਦੌਰਾਨ ਬੰਗਲਾਦੇਸ਼ ਦੇ ਸੇਵਾਮੁਕਤ ਫੌਜ ਅਧਿਕਾਰੀ ਮੇਜਰ ਜਨਰਲ ਏਐਲਐਮ ਫਜ਼ਲੁਰ ਰਹਿਮਾਨ ਦਾ ਇੱਕ ਵਿਵਾਦਪੂਰਨ ਬਿਆਨ ਸਾਹਮਣੇ ਆਇਆ ਹੈ।
ਬੰਗਲਾਦੇਸ਼ ਰਾਈਫਲਜ਼ ਦੇ ਸਾਬਕਾ ਮੁਖੀ ਤੇ ਮੁਹੰਮਦ ਯੂਨਸ ਦੇ ਕਰੀਬੀ ਸਹਿਯੋਗੀ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਜੇਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਹੈ, ਤਾਂ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਉੱਤਰ ਪੂਰਬ 'ਤੇ ਕਬਜ਼ਾ ਕਰਨਾ ਚਾਹੀਦਾ ਹੈ। ਬੰਗਲਾਦੇਸ਼ ਦੇ ਸੇਵਾਮੁਕਤ ਮੇਜਰ ਜਨਰਲ ਏਐਲਐਮ ਫਜ਼ਲੁਰ ਰਹਿਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਸਾਨੂੰ ਚੀਨ ਨਾਲ ਸਾਂਝੀ ਫੌਜੀ ਪ੍ਰਣਾਲੀ ਬਾਰੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਕੌਣ ਹੈ ਫਜ਼ਲੁਰ ਰਹਿਮਾਨ ?
ਯੂਨਸ ਸਰਕਾਰ ਨੇ ਪਿਛਲੇ ਸਾਲ ਹੀ ਫਜ਼ਲੁਰ ਰਹਿਮਾਨ ਨੂੰ ਇੱਕ ਸੰਗਠਨ ਦਾ ਮੁਖੀ ਨਿਯੁਕਤ ਕੀਤਾ ਸੀ। 2009 ਵਿੱਚ ਬੰਗਲਾਦੇਸ਼ ਵਿੱਚ ਹੋਏ ਪਿਲਖਾਨਾ ਕਤਲੇਆਮ ਵਿੱਚ 57 ਫੌਜੀ ਅਧਿਕਾਰੀਆਂ ਸਮੇਤ 74 ਲੋਕ ਮਾਰੇ ਗਏ ਸਨ। ਰਹਿਮਾਨ ਨੂੰ ਮਾਮਲੇ ਦੀ ਮੁੜ ਜਾਂਚ ਲਈ 7 ਮੈਂਬਰੀ ਸੁਤੰਤਰ ਕਮਿਸ਼ਨ ਦਾ ਮੁਖੀ ਬਣਾਇਆ ਗਿਆ ਹੈ। ਇਸ ਘਟਨਾ ਨੂੰ ਬੰਗਲਾਦੇਸ਼ ਰਾਈਫਲ ਵਿਦਰੋਹ, ਪਿਲਖਾਨਾ ਦੁਖਾਂਤ ਅਤੇ ਪਿਲਖਾਨਾ ਕਤਲੇਆਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਬੰਗਲਾਦੇਸ਼ ਸਰਕਾਰ ਨੇ ਫਜ਼ਲੁਰ ਰਹਿਮਾਨ ਦੇ ਇਸ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਦੇ ਪ੍ਰੈਸ ਸਕੱਤਰ ਸ਼ਫੀਕੁਲ ਆਲਮ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਨਿੱਜੀ ਸੀ। ਬੰਗਲਾਦੇਸ਼ ਸਰਕਾਰ ਦਾ ਉਨ੍ਹਾਂ ਦੇ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸ਼ਫੀਕੁਲ ਆਲਮ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਯੂਨਸ ਸਰਕਾਰ ਭਾਰਤ ਦੇ ਉੱਤਰ ਪੂਰਬ ਵਿਰੁੱਧ ਅਜਿਹੇ ਕਿਸੇ ਵੀ ਭੜਕਾਊ ਬਿਆਨ ਦਾ ਸਮਰਥਨ ਨਹੀਂ ਕਰਦੀ। ਬੰਗਲਾਦੇਸ਼ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੂੰ ਸੇਵਾਮੁਕਤ ਮੇਜਰ ਜਨਰਲ ਫਜ਼ਲੁਰ ਰਹਿਮਾਨ ਦੇ ਇਸ ਬਿਆਨ ਵਿੱਚ ਨਹੀਂ ਘਸੀਟਣਾ ਚਾਹੀਦਾ। ਸਰਕਾਰ ਉਨ੍ਹਾਂ ਦੇ ਬਿਆਨ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :