ਕਾਬੁਲ: ਅਫ਼ਗਾਨਿਸਤਾਨ ਦੇ ਪੰਜਸ਼ੀਰ 'ਚ ਤਾਲਿਬਾਨ ਤੇ ਨੌਰਦਨ ਅਲਾਇੰਸ ਵੱਲੋਂ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਤਾਲਿਬਾਨ ਦੇ ਖਿਲਾਫ ਲੜਾਈ 'ਚ ਰੈਸਿਸਟੈਂਸ ਫਰੰਟ ਨੂੰ ਵੱਡਾ ਝਟਕਾ ਲੱਗਾ ਹੈ। ਹਮਲੇ 'ਚ ਰੈਸਿਸਟੈਂਟ ਫਰੰਟ ਦੇ ਬੁਲਾਰੇ ਫਹੀਮ ਦਸ਼ਤੀ ਦੀ ਮੌਤ ਹੋ ਗਈ। ਹਮਲੇ 'ਚ ਜਨਰਲ ਅਬਦੁਲ ਵੁਦੂਦ ਜਾਰਾ ਦੀ ਵੀ ਮੌਤ ਹੋ ਗਈ ਹੈ।


ਰੇਸਿਸਟੈਂਸ ਫੋਰਸ ਨੇ ਖੁਦ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ, 'ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਦਮਨ ਤੇ ਹਮਲੇ ਦੇ ਖਿਲਾਫ ਜਾਰੀ ਪਵਿੱਤਰ ਲੜਾਈ 'ਚ ਅਸੀਂ ਅਫ਼ਗਾਨਿਸਤਾਨ ਰੈਸਿਸਟੈਂਸ ਦੇ ਦੋ ਸਾਥੀਆਂ ਨੂੰ ਗਵਾ ਦਿੱਤਾ, ਰੇਸਿਸਟੈਂਸ ਫਰੰਟ ਦੇ ਬੁਲਾਰੇ ਫਹੀਮ ਦਸ਼ਤੀ ਤੇ ਅਹਿਮਦ ਸ਼ਾਹ ਮਸੂਦ ਦੇ ਭਤੀਜੇ ਜਨਰਲ ਅਬਦੁਲ ਵੁਦੂਦ ਸ਼ਹੀਦ ਹੋ ਗਏ ਹਨ।'


ਫਹੀਮ ਦਸ਼ਤੀ ਦੀ ਮੌਤ ਰੇਸਿਸਟੈਂਟ ਫਰੰਟ ਲਈ ਵੱਡਾ ਝਟਕਾ ਹੈ ਕਿਉਂਕਿ ਬੁਲਾਰਾ ਹੋਣ ਦੇ ਨਾਲ-ਨਾਲ ਉਹ ਅਹਿਮਦ ਮਸੂਦ ਦੇ ਕਾਫੀ ਕਰੀਬੀ ਸਨ। ਅਹਿਮਦ ਮਸੂਦ ਤੇ ਉਸ ਦੇ ਪਿਤਾ ਅਹਿਮਦ ਸ਼ਾਹ ਮਸੂਦ ਦੇ ਬੇਹੱਦ ਕਰੀਬੀ ਰਹੇ ਫਹੀਮ ਦਸ਼ਤੀ ਦੀ ਮੌਤ ਤੋਂ ਬਾਅਦ ਪੰਜਸ਼ੀਰ 'ਚ ਇਕ ਪਾਸੇ ਸ਼ਾਂਤੀ ਦੀ ਆਵਾਜ਼ ਉੱਠ ਰਹੀ ਹੈ ਉੱਥੇ ਹੀ ਕੁਝ ਲੀਡਰ ਅਜਿਹੇ ਹਨ ਜੋ ਖੂਨ ਦੇ ਬਦਲੇ ਦੀ ਮੰਗ ਕਰ ਰਹੇ ਹਨ।


ਕੌਣ ਸਨ ਫਹੀਮ ਦਸ਼ਤੀ


ਫਹੀਮ ਦਸ਼ਤੀ ਦੀ ਮੌਤ ਪੂਰੇ ਅਫ਼ਗਾਨਿਸਤਾਨ 'ਤੇ ਕਾਬਜ਼ ਤਾਲਿਬਾਨ ਨੂੰ ਟੱਕਰ ਦੇਣ ਵਾਲੇ ਪੰਜਸ਼ੀਰ ਦੇ ਲੀਡਰ ਅਹਿਮਦ ਮਸੂਦ ਲਈ ਇਕ ਵੱਡਾ ਝਟਕਾ ਹੈ। ਫਹੀਮ ਦਸ਼ਤੀ ਨੂੰ ਅਹਿਮਦ ਮਸੂਦ ਤੇ ਉਸ ਦੇ ਪਿਤਾ ਅਹਿਮਦ ਸ਼ਾਹ ਮਸੂਦ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। 9/11 ਤੋਂ ਦੋ ਦਿਨ ਬਾਅਦ ਜਿਸ ਅੱਤਵਾਦੀ ਹਮਲੇ 'ਚ ਅਹਿਮਦ ਸ਼ਾਹ ਮਸੂਦ ਦੀ ਮੌਤ ਹੋਈ ਉਦੋਂ ਫਹੀਮ ਦਸ਼ਤੀ ਉਨ੍ਹਾਂ ਦੇ ਨਾਲ ਸਨ।


ਉਸ ਹਮਲੇ 'ਚ ਫਹੀਮ ਦਸ਼ਤੀ ਕਰੀਬ 90 ਫੀਸਦ ਸੜ ਗਏ ਸਨ।ਤਾਲਿਬਾਨ ਨਾਲ ਜਾਰੀ ਤਾਜ਼ਾ ਤਕਰਾਰ 'ਚ ਉਹ ਖੁੱਲ੍ਹ ਕੇ ਮੁਕਾਬਲਾ ਕਰ ਰਹੇ ਸਨ। ਦਸ਼ਤੀ ਦੀ ਮੌਤ ਰੈਸਿਸਟੈਂਸ ਫਰੰਟ ਲਈ ਅਜਿਹਾ ਵੱਡਾ ਨੁਕਸਾਨ ਹੈ ਜਿਸ ਦੀ ਭਰਪਾਈ ਸੰਭਵ ਨਹੀਂ ਹੈ।


ਦਾਅਵਾ- ਸਾਲੇਹ ਦੇ ਘਰ ਹੈਲੀਕੌਪਟਰ ਨਾਲ ਹਮਲਾ, ਅਗਿਆਤ ਥਾਂ ਤੇ ਗਏ


ਇਸ ਦਰਮਿਆਨ ਅਫ਼ਗਾਨਿਸਤਾਨ ਦੇ ਪੱਤਰਕਾਰ ਬਿਲਾਲ ਸਰਵਰੀ ਨੇ ਦਾਅਵਾ ਕੀਤਾ ਕਿ ਗਨੀ ਸਰਕਾਰ 'ਚ ਉਪ ਰਾਸ਼ਟਰਪਤੀ ਰਹੇ ਅਮਰੁੱਲਾਹ ਸਾਲੇਹ ਦੇ ਘਰ ਹੈਲੀਕੌਪਟਰ ਨਾਲ ਹਮਲਾ ਹੋਇਆ ਹੈ। ਇਸ ਤੋਂ ਬਾਅਦ ਅਮਰੁੱਲਾਹ ਸਾਲੇਹ ਨੂੰ ਪੰਜਸ਼ੀਰ 'ਚ ਹੀ ਕਿਸੇ ਅਗਿਆਤ ਥਾਂ 'ਤੇ ਲੁਕਣਾ ਪਿਆ ਹੈ। ਬਿਲਾਲ ਸਰਵਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਸਾਲੇਹ ਦੇ ਕਰੀਬੀ ਨੇ ਦਿੱਤੀ ਹੈ।


ਮਸੂਦ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ


ਅਹਿਮਦ ਮਸੂਦ ਨੇ ਇਕ ਵਾਰ ਫਿਰ ਤਾਲਿਬਾਨ ਨਾਲ ਗੱਲਬਾਤ ਜ਼ਰੀਏ ਮਾਮਲਾ ਸੁਲਝਾਉਣ ਦੀ ਪੇਸਕਸ਼ ਕੀਤੀ ਹੈ। ਅਹਿਮਦ ਮਸੂਦ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਗੱਲਬਾਤ ਜ਼ਰੀਏ ਵਿਵਾਦ ਦੇ ਹੱਲ ਦੀ ਗੱਲ ਕਹੀ ਹੈ ਤਾਂ ਕਿ ਅੱਗੇ ਤੋਂ ਪੰਜਸ਼ੀਰ 'ਚ ਘੱਟ ਤੋਂ ਘੱਟ ਨੁਕਸਾਨ ਹੋਵੇ। ਮੰਨਿਆ ਜਾ ਰਿਹਾ ਕਿ ਦਸਤੀ ਤੇ ਅਬਦੁਲ ਵੁਦੂਦ ਦੀ ਮੌਤ ਤੋਂ ਬਾਅਦ ਹੁਣ ਅਹਿਮਦ ਮਸੂਦ ਹੋਰ ਜ਼ਿਆਦਾ ਨੁਕਸਾਨ ਨਹੀਂ ਚਾਹੁੰਦੇ। ਇਸ ਲਈ ਗੱਲਬਾਤ ਦੀ ਪਹਿਲ ਦੀ ਪੇਸ਼ਕਸ਼ ਕਰ ਰਹੇ ਹਨ।


ਤਾਲਿਬਾਨ ਨੇ ਗੱਲਬਾਤ ਫੇਲ੍ਹ ਹੋਣ ਦਾ ਠੀਕਰਾ ਰੈਸਿਸਟੈਂਸ ਫਰੰਟ ਸਿਰ ਭੰਨਿਆ


ਤਾਲਿਬਾਨ ਗੱਲਬਾਤ ਅਸਫ਼ਲ ਰਹਿਣ ਲਈ ਰੇਸਿਸਟੈਂਸ ਫਰੰਟ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਤਾਲਿਬਾਨੀ ਲੀਡਰ ਅਹਿਮਦਉੱਲਾਹ ਵਾਸਿਕ ਨੇ ਚੀਨੀ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਸ਼ੀਰ ਅਫ਼ਗਾਨਿਸਤਾਨ ਦਾ ਹਿੱਸਾ ਹੈ। ਵਿਰੋਧ ਕਰਨ ਵਾਲਿਆਂ ਨੂੰ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਸਾਡੇ ਨਾਲ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਠੁਕਰਾ ਦਿੱਤੀ। ਸਾਡਾ ਮਕਸਦ ਹੈ ਕਿ ਸਥਾਨਕ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਗੱਲਬਾਤ ਫੇਲ੍ਹ ਰਹੀ ਤਾਂ ਸਾਡੇ ਕੋਲ ਫੌਜੀ ਕਾਰਵਾਈ ਤੋਂ ਬਿਨਾਂ ਦੂਜਾ ਕੋਈ ਵਿਕਲਪ ਨਹੀਂ ਹੈ।