ਲੰਡਨ : ਬਕਿੰਘਮ ਪੈਲੇਸ ਨੇ ਐਤਵਾਰ ਨੂੰ ਕਿਹਾ ਕਿ 95 ਸਾਲਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Queen Elizabeth) ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਮਹਾਰਾਣੀ ਐਲਿਜ਼ਾਬੈਥ II ਬਕਿੰਘਮ ਪੈਲੇਸ ਨੇ ਹਲਕੇ ਲੱਛਣ ਦਿਖਣ ਦੀ ਜਾਣਕਾਰੀ ਦਿੱਤੀ ਹੈ। ਮਹਾਰਾਣੀ ਇਸ ਸਮੇਂ ਆਪਣੇ ਵਿੰਡਸਰ ਕੈਸਲ ਵਿੱਚ ਹੈ ਅਤੇ ਅਗਲੇ ਕੁਝ ਦਿਨਾਂ ਲਈ ਸਿਰਫ ਆਮ ਕੰਮਕਾਰ ਹੀ ਕਰਨਗੇ।
ਵਿੰਡਸਰ ਪੈਲੇਸ ਨੇ ਕਿਹਾ ਕਿ ਮਹਾਰਾਣੀ ਡਾਕਟਰੀ ਸਹਾਇਤਾ ਪ੍ਰਾਪਤ ਕਰਨਾ ਜਾਰੀ ਰੱਖੇਗੀ ਅਤੇ ਸਾਰੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ 10 ਦਿਨਾਂ ਲਈ ਅਲੱਗ-ਥਲੱਗ ਰਹਿਣਾ ਪੈਂਦਾ ਹੈ। ਮਹਾਰਾਣੀ ਦਾ ਬੇਟਾ ਪ੍ਰਿੰਸ ਚਾਰਲਸ ਅਤੇ ਉਸਦੀ ਪਤਨੀ ਕੈਮਿਲਾ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਕੋਵਿਡ ਨਾਲ ਸੰਕਰਮਿਤ ਪਾਏ ਗਏ ਸਨ।
ਪ੍ਰਿੰਸ ਚਾਰਲਸ ਕੋਵਿਡ ਦੇ ਸੰਕਰਮਿਤ ਹੋਣ ਤੋਂ ਦੋ ਦਿਨ ਪਹਿਲਾਂ ਵਿੰਡਸਰ ਕੈਸਲ ਵਿਖੇ ਮਹਾਰਾਣੀ ਐਲਿਜ਼ਾਬੈਥ ਨੂੰ ਮਿਲੇ ਸਨ। ਸੰਕਰਮਿਤ ਹੋਣ ਤੋਂ ਪਹਿਲਾਂ ਪ੍ਰਿੰਸ ਚਾਰਲਸ ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਦਰਜਨਾਂ ਲੋਕਾਂ ਨੂੰ ਮਿਲੇ ਸਨ। ਬ੍ਰਿਟਿਸ਼ ਏਸ਼ੀਅਨ ਟਰੱਸਟ ਦੇ ਕੰਮ ਦਾ ਸਨਮਾਨ ਕਰਨ ਲਈ ਮਿਊਜ਼ੀਅਮ 'ਚ ਰਿਸੈਪਸ਼ਨ 'ਤੇ ਪ੍ਰਿੰਸ ਚਾਰਲਸ ਅਤੇ ਡਚੇਸ ਆਫ ਕੋਰਨਵਾਲ ਕੈਮਿਲਾ ਨੇ ਚਾਂਸਲਰ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਨਾਲ ਮੁਲਾਕਾਤ ਕੀਤੀ ਸੀ। ਕਲੇਰੈਂਸ ਹਾਊਸ ਦੇ ਅਨੁਸਾਰ ਕੈਮਿਲਾ ਕੋਵਿਡ ਟੈਸਟ ਵਿੱਚ ਨੈਗੇਟਿਵ ਪਾਈ ਗਈ ਹੈ।
1952 ਵਿੱਚ ਐਲਿਜ਼ਾਬੈਥ II ਨੇ ਸੰਭਾਲੀ ਸੀ ਗ੍ਰੇਟ ਬ੍ਰਿਟੇਨ ਦੀ ਰਾਜਗੱਦੀ
ਦੁਨੀਆ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਦੀ ਸਿਹਤ ਉਦੋਂ ਤੋਂ ਖ਼ਬਰਾਂ ਵਿੱਚ ਹੈ, ਜਦੋਂ ਉਸਨੇ ਪਿਛਲੇ ਅਕਤੂਬਰ ਵਿੱਚ ਹਸਪਤਾਲ ਵਿੱਚ ਇੱਕ ਰਾਤ ਬਿਤਾਈ ਸੀ ਅਤੇ ਉਸਦੇ ਡਾਕਟਰਾਂ ਦੁਆਰਾ ਆਰਾਮ ਦੀ ਸਲਾਹ ਦਿੱਤੀ ਗਈ ਸੀ। ਐਲਿਜ਼ਾਬੈਥ II ਨੇ 1952 ਵਿੱਚ ਗ੍ਰੇਟ ਬ੍ਰਿਟੇਨ ਦੀ ਰਾਜਗੱਦੀ ਸੰਭਾਲੀ ਸੀ। 2002 ਵਿੱਚ ਉਸਨੇ ਬ੍ਰਿਟਿਸ਼ ਗੱਦੀ 'ਤੇ ਆਪਣੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ।
ਇਸ ਮਹੀਨੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ ਕਿਹਾ ਸੀ ਕਿ ਪ੍ਰਿੰਸ ਚਾਰਲਸ ਦੇ ਮਹਾਰਾਜ ਬਣਨ 'ਤੇ ਡਚੇਸ ਆਫ ਕੋਰਨਵਾਲ, ਕੈਮਿਲਾ ਮਹਾਰਾਣੀ ਹੋਵੇਗੀ। ਮਹਾਰਾਣੀ ਐਲਿਜ਼ਾਬੈਥ II ਨੇ ਰਾਸ਼ਟਰ ਨੂੰ ਆਪਣੇ 'ਪਲੈਟੀਨਮ ਜੁਬਲੀ' ਸੰਦੇਸ਼ ਵਿੱਚ ਕੈਮਿਲਾ ਦਾ ਸਮਰਥਨ ਕੀਤਾ ਅਤੇ ਸ਼ਾਹੀ ਘਰਾਣੇ ਦੇ ਭਵਿੱਖ ਨੂੰ ਆਕਾਰ ਦਿੱਤਾ। ਮਹਾਰਾਣੀ ਨੇ ਆਪਣੀ 'ਇੱਛਾ' ਜ਼ਾਹਰ ਕਰਦੇ ਹੋਏ ਕਿਹਾ ਕਿ ਜੇ ਪ੍ਰਿੰਸ ਚਾਰਲਸ ਦੇ ਮਹਾਰਾਜਾ ਬੰਨ 'ਤੇ ਕੈਮਿਲਾ ਨੂੰ 'ਕੁਈਨ ਕੰਸੋਰਟ' ਦੇ ਰੂਪ 'ਚ ਜਾਣਿਆ ਜਾਵੇਗਾ।