ਵੈਨਕੂਵਰ: ਕੈਨੇਡਾ ਵਿੱਚ ਇੱਕ ਰੇਲ ਹਾਦਸੇ ਪਿੱਛੋਂ ਸਥਾਨਕ ਸੂਬੇ ਦੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਨੇ ਸਭ ਰੇਲਾਂ ’ਤੇ ਹੈਂਡ ਬ੍ਰੇਕਾਂ ਲਾਉਣ ਦੇ ਹੁਕਮ ਦਿੱਤੇ ਹਨ। ਖਾਸ ਤੌਰ ’ਤੇ ਪਹਾੜੀ ਖੇਤਰਾਂ ਜਾਂ ਢਲਾਣ ਵਾਲੇ ਇਲਾਕਿਆਂ ਵਿੱਚ ਚੱਲਣ ਵਾਲੀਆਂ ਰੇਲਾਂ ਲਈ ਸਖ਼ਤ ਨਿਰਦੇਸ਼ ਹਨ।

ਗਾਰਨੇਉ ਨੇ ਬਿਆਨ ਵਿੱਚ ਕਿਹਾ ਕਿ ਇਸ ਨੂੰ ਸਾਵਧਾਨੀ ਵਰਤਣ ਵਾਲੇ ਫੈਸਲੇ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਖ਼ਾਸ ਤੌਰ ’ਤੇ ਜਦੋਂ ਤਕ ਰੇਲ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਪਤਾ ਨਹੀਂ ਕਰ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਇਹ ਨਿਰਦੇਸ਼ ਤੁਰੰਤ ਲਾਗੂ ਕਰ ਦਿੱਤੇ ਗਏ ਹਨ ਤੇ ਉਸ ਵੇਲੇ ਤਕ ਜਾਰੀ ਰਹਿਣਗੇ ਜਦੋਂ ਤਕ ਇਨ੍ਹਾਂ ਦੀ ਲੋੜ ਰਹੇਗੀ।

ਦਰਅਸਲ ਕੈਨੇਡਾ ਦੇ ਸੂਬੇ ਬੀਸੀ ਵਿੱਚ ਇੱਕ ਰੇਲ ਪਟੜੀ ਤੋਂ ਉੱਤਰ ਗਈ ਸੀ। ਹਾਦਸੇ ਵਿੱਚ ਕੈਲਗਰੀ ਦੇ ਰਹਿਣ ਵਾਲੇ 3 ਕ੍ਰਿਊ ਮੈਂਬਰਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਕੈਨੇਡੀਅਨ ਪੈਸੀਫਿਕ ਮਾਲ ਗੱਡੀ ਰੁਕੀ ਹੋਈ ਸੀ। ਅਚਾਨਕ ਉਹ ਆਪਣੇ ਆਪ ਖਿਸਕਣ ਲੱਗੀ ਤੇ ਕੁਝ ਦੂਰੀ ਤੇ ਜਾ ਕੇ ਰੇਲ ਪਟੜੀ ਤੋਂ ਲੁੜਕ ਗਈ।

ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਕ੍ਰਿਊ ਮੈਂਬਰ ਅਜੇ ਰੇਲ ’ਤੇ ਸਵਾਰ ਹੋਏ ਹੀ ਸੀ, ਪਰ ਅਜੇ ਰੇਲ ਦੇ ਤੁਰਨ ਲਈ ਤਿਆਰ ਨਹੀਂ ਸੀ। ਰੇਲ ਨੇ ਰਫਤਾਰ ਫੜ ਲਈ ਤੇ ਰੇਲ 32km ਪ੍ਰਤੀ ਘੰਟਾ ਦੀ ਰਫਤਾਰ ਤੋਂ ਕਿਤੇ ਵੱਧ ਰਫਤਾਰ ’ਤੇ ਚੱਲ ਰਹੀ ਸੀ। ਕਰੀਬ 99 ਡੱਬਿਆਂ ਵਿੱਚ ਅਨਾਜ ਭਰਿਆ ਹੋਇਆ ਸੀ ਜੋ ਇੱਕ ਪੁਲ ਟੱਪਣ ਤੋਂ ਬਾਅਦ ਮੋੜ ਆਉਣ ’ਤੇ ਪਟੜੀ ਤੋਂ ਉੱਤਰ ਗਏ।