Attack on Sikh Student in Canada: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹਾਈ ਸਕੂਲ ਦੇ 17 ਸਾਲਾ ਸਿੱਖ ਵਿਦਿਆਰਥੀ ’ਤੇ ਹਮਲਾ ਹੋਇਆ ਹੈ। ਉਸ ਉਪਰ ਰਿੱਛ ਨੂੰ ਭਜਾਉਣ/ਡਰਾਉਣ ਵਾਲੀ ਸਪਰੇਅ ਵਰਤੀ ਗਈ ਹੈ। ਭਾਰਤ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਵੈਨਕੁਵਰ ਸਥਿਤ ਭਾਰਤੀ ਕੌਂਸੁਲੇਟ ਜਨਰਲ ਨੇ ਸਥਾਨਕ ਅਥਾਰਿਟੀਜ਼ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਸਾਜ਼ਿਸ਼ਘਾੜਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। 



ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ 11 ਸਤੰਬਰ ਦੀ ਦੱਸੀ ਜਾਂਦੀ ਹੈ। ਜਦੋਂ ਹਮਲਾ ਹੋਇਆ ਉਦੋਂ ਸਿੱਖ ਵਿਦਿਆਰਥੀ ਕੇਲੋਵਨਾ ਵਿੱਚ ਸਕੂਲ ਤੋਂ ਆਪਣੇ ਘਰ ਪਰਤ ਰਿਹਾ ਸੀ। ਕੇਲੋਵਨਾ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਨੇ ਕਿਹਾ ਕਿ ਸਿੱਖ ਵਿਦਿਆਰਥੀ ’ਤੇ ਹਮਲਾ ਓਕਾਨਾਗਨ ਸ਼ਹਿਰ ਵਿੱਚ ਰੁਟਲੈਂਡ ਰੋਡ ਤੇ ਰੋਬਸਨ ਰੋਡ ਦੇ ਚੋਰਾਹੇ ’ਤੇ ਬੱਸ ਸਟਾਪ ਨਜ਼ਦੀਕ ਸ਼ਾਮੀਂ 4 ਵਜੇ ਦੇ ਕਰੀਬ ਹੋਇਆ। ਰੌਇਲ ਪੁਲਿਸ ਨੇ ਹਮਲੇ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 



ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ 11 ਸਤੰਬਰ ਨੂੰ ਇੱਕ ਬਿਆਨ ਵਿਚ ਕਿਹਾ ਸੀ ਕਿ ਘਟਨਾ ਓਕਨਾਗਨ ਸ਼ਹਿਰ ਦੇ ਰੁਟਲੈਂਡ ਤੇ ਰੌਬਸਨ ਰੋਡ ਵਿਚਾਲੇ ਬਸ ਸਟਾਪ ’ਤੇ ਸ਼ਾਮ 4 ਵਜੇ ਤੋਂ ਪਹਿਲਾਂ ਵਾਪਰੀ ਸੀ। ਸਪਰੇਅ ਕਰਨ ਦੀ ਘਟਨਾ ਤੋਂ ਇਕਦਮ ਪਹਿਲਾਂ ਬੱਸ ਵਿਚ ਝਗੜਾ ਹੋਇਆ ਸੀ ਤੇ ਇਸ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਸੀ, ਉਨ੍ਹਾਂ ਨੂੰ ਬੱਸ ਵਿਚੋਂ ਉਤਰਨ ਲਈ ਕਹਿ ਦਿੱਤਾ ਗਿਆ ਸੀ। ਬੱਸ ਵਿੱਚੋਂ ਉਤਰਨ ਤੋਂ ਬਾਅਦ ਦੂਜੀ ਘਟਨਾ ਵਾਪਰੀ ਜਿੱਥੇ ਪੀੜਤ ’ਤੇ ਬੀਅਰ ਸਪਰੇਅ ਛਿੜਕੀ ਗਈ। 



ਦੱਸਣਯੋਗ ਹੈ ਕਿ ਇਸ ਮਾਮਲੇ ਵਿਚ 13 ਸਤੰਬਰ ਨੂੰ ਕੇਲੋਨਾ ਆਰਸੀਐਮਪੀ ਨੇ ਘਟਨਾਵਾਂ ਵਿਚ ਸ਼ਾਮਲ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਆਰਸੀਐਮਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚਕਰਤਾ ਘਟਨਾ ਦੀ ਵੀਡੀਓ ਦਾ ਵਿਸ਼ਲੇਸ਼ਣ ਕਰਨਗੇ ਤੇ ਨਾਲ ਹੀ ਹੋਰ ਸਬੂਤ ਇਕੱਠੇ ਕੀਤੇ ਜਾਣਗੇ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਬੱਸ ਵਿੱਚ ਕੀ ਵਾਪਰਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਤਰਨ ਲਈ ਕਿਹਾ ਗਿਆ। ਹਾਲਾਂਕਿ ਪੁਲਿਸ ਨੇ ਨਾਲ ਹੀ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀ ਉਤੇ ਹਮਲਾ ਹੋਇਆ ਤੇ ਨਾਲ ਹੀ ਸਪਰੇਅ ਛਿੜਕੀ ਗਈ।


‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ’ ਨੇ ਇੱਕ ਬਿਆਨ ਜਾਰੀ ਕਰ ਕੇ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਸਿੱਖ ਵਿਦਿਆਰਥੀ ਨੂੰ ਸਮਝ ਨਹੀਂ ਆ ਸਕਿਆ ਕਿ ਉਸ ’ਤੇ ਇਸ ਤਰ੍ਹਾਂ ਹਮਲਾ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਕੈਨੇਡਾ ਵਿੱਚ ਨਵਾਂ ਆਇਆ ਹੈ ਤੇ ਹੁਣ ਰੁਟਲੈਂਡ ਸੀਨੀਅਰ ਸੈਕੰਡਰੀ ਸਕੂਲ ਵਾਪਸ ਜਾਣ ਤੋਂ ਡਰ ਰਿਹਾ ਹੈ, ਜਿੱਥੇ ਉਹ ਪੜ੍ਹਦਾ ਹੈ। ਉਹ ਸਰਕਾਰੀ ਬੱਸ ਸੇਵਾ ਵਿਚ ਜਾਣ ਤੋਂ ਘਬਰਾ ਰਿਹਾ ਹੈ।