Canada News: ਕੈਨੇਡਾ ਵਿੱਚ ਪੜ੍ਹਾਈ ਕਰਨਾ ਲੱਖਾਂ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਹੈ। ਸ਼ਾਨਦਾਰ ਸਿੱਖਿਆ ਪ੍ਰਣਾਲੀ, ਸੁਰੱਖਿਅਤ ਵਾਤਾਵਰਣ ਤੇ ਬਿਹਤਰ ਕਰੀਅਰ ਦੇ ਮੌਕਿਆਂ ਕਾਰਨ, ਇਹ ਦੇਸ਼ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ ਪਰ ਵਿਦੇਸ਼ ਵਿੱਚ ਪੜ੍ਹਾਈ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਵੀਜ਼ਾ ਇੰਟਰਵਿਊ ਅਤੇ ਬੈਂਕ ਬੈਲੇਂਸ ਨਾਲ ਸਬੰਧਤ।

ਇੰਟਰਵਿਊ ਵਿੱਚ ਕੀ ਪੁੱਛੇ ਜਾਂਦੇ ਨੇ ਸਵਾਲ ?

ਜੇ ਤੁਸੀਂ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ ਅਤੇ ਹੁਣ ਸਟੱਡੀ ਵੀਜ਼ਾ ਲਈ ਅਰਜ਼ੀ ਦੇ ਰਹੇ ਹੋ, ਤਾਂ ਤੁਹਾਨੂੰ ਇੰਟਰਵਿਊ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਵੀਜ਼ਾ ਇੰਟਰਵਿਊ ਵਿੱਚ, ਅਧਿਕਾਰੀ ਤੁਹਾਡੇ ਇਰਾਦੇ, ਵਿੱਤੀ ਸਥਿਤੀ ਅਤੇ ਪੜ੍ਹਾਈ ਦੇ ਉਦੇਸ਼ ਨੂੰ ਸਮਝਣਾ ਚਾਹੁੰਦਾ ਹੈ।

ਤੁਸੀਂ ਕੈਨੇਡਾ ਕਿਉਂ ਚੁਣਿਆ?

ਤੁਸੀਂ ਕਿਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ ਅਤੇ ਕਿਉਂ?

ਤੁਸੀਂ ਕਿਹੜਾ ਕੋਰਸ ਕਰ ਰਹੇ ਹੋ ਅਤੇ ਕਰੀਅਰ ਵਿੱਚ ਇਸਦਾ ਕੀ ਫਾਇਦਾ ਹੋਵੇਗਾ?

ਤੁਹਾਡੀ ਵਿੱਤੀ ਸਥਿਤੀ ਕਿਵੇਂ ਹੈ? ਤੁਸੀਂ ਪੜ੍ਹਾਈ ਅਤੇ ਰਹਿਣ-ਸਹਿਣ ਦੇ ਖਰਚੇ ਕਿਵੇਂ ਸਹਿਣ ਕਰੋਗੇ?

ਕੀ ਤੁਸੀਂ ਪੜ੍ਹਾਈ ਤੋਂ ਬਾਅਦ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹੋ?

ਕੀ ਤੁਸੀਂ IELTS ਜਾਂ TOEFL ਵਰਗਾ ਭਾਸ਼ਾ ਟੈਸਟ ਪਾਸ ਕੀਤਾ ਹੈ?

ਖਾਤੇ ਵਿੱਚ ਇੰਨੇ ਪੈਸੇ ਹੋਣੇ ਚਾਹੀਦੇ ਨੇ....

ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਉੱਥੇ ਪੜ੍ਹਨ ਆਉਣ ਵਾਲਾ ਵਿਦਿਆਰਥੀ ਵਿੱਤੀ ਤੌਰ 'ਤੇ ਸਮਰੱਥ ਹੋਵੇ, ਤਾਂ ਜੋ ਉਸਨੂੰ ਉੱਥੇ ਕੋਈ ਮੁਸ਼ਕਲ ਨਾ ਆਵੇ। ਇਸ ਲਈ ਤੁਹਾਡੇ ਬੈਂਕ ਖਾਤੇ ਵਿੱਚ ਇੱਕ ਨਿਸ਼ਚਿਤ ਰਕਮ ਹੋਣੀ ਜ਼ਰੂਰੀ ਹੈ। ਸਾਲ 2024 ਤੋਂ ਕੈਨੇਡਾ ਨੇ ਇਸ ਰਕਮ ਨੂੰ ਵਧਾ ਕੇ ਲਗਭਗ 20,635 ਕੈਨੇਡੀਅਨ ਡਾਲਰ (ਲਗਭਗ 12.5 ਲੱਖ ਰੁਪਏ) ਕਰ ਦਿੱਤਾ ਹੈ। ਇਹ ਰਕਮ ਤੁਹਾਡੀ ਟਿਊਸ਼ਨ ਫੀਸ ਦੇ ਨਾਲ-ਨਾਲ ਖਾਣੇ ਅਤੇ ਰਿਹਾਇਸ਼ ਤੇ ਹੋਰ ਜ਼ਰੂਰਤਾਂ ਲਈ ਹੈ। ਜੇ ਤੁਸੀਂ ਇਕੱਲੇ ਜਾ ਰਹੇ ਹੋ, ਤਾਂ ਇਹ ਰਕਮ ਕਾਫ਼ੀ ਹੋਵੇਗੀ ਪਰ ਜੇ ਤੁਹਾਡੇ ਨਾਲ ਕੋਈ ਪਰਿਵਾਰਕ ਮੈਂਬਰ ਜਾ ਰਿਹਾ ਹੈ, ਤਾਂ ਉਸ ਲਈ ਇੱਕ ਵੱਖਰੀ ਰਕਮ ਦਿਖਾਉਣੀ ਪਵੇਗੀ।

ਦਸਤਾਵੇਜ਼ ਵੀ ਤਿਆਰ ਰੱਖੋ

ਦਾਖਲਾ ਪੱਤਰ (LOA)

ਪਾਸਪੋਰਟ

ਬੈਂਕ ਸਟੇਟਮੈਂਟ (ਘੱਟੋ-ਘੱਟ 6 ਮਹੀਨੇ)

ਟਿਊਸ਼ਨ ਫੀਸ ਦੀ ਰਸੀਦ

ਭਾਸ਼ਾ ਟੈਸਟ ਸਕੋਰ ਕਾਰਡ (IELTS, TOEFL)

ਉਦੇਸ਼ ਦਾ ਬਿਆਨ (SOP)

ਮੈਡੀਕਲ ਸਰਟੀਫਿਕੇਟ 

ਫੋਟੋ ਅਤੇ ਹੋਰ ਪਛਾਣ ਪੱਤਰ